ਰਾਏ ਕੱਲੇ ਨਾਲ ਕੁਝ ਗੱਲਾਂ

ਕਲਗੀਧਰ ਸ਼ਹਿਨਸ਼ਾਹ, ਬਾਜਾਂ ਵਾਲੇ।

ਲੀਰੋ ਲੀਰ ਨੇ ਕੱਪੜੇ, ਪੈਰਾਂ ਵਿੱਚ ਛਾਲੇ॥

ਨਾ ਘੋੜਾ, ਨਾ ਕਲਗੀ, ਨਾ ਬਾਜ ਸੁਹਾਵੇ।

ਹਾਲ ਤੇਰਾ ਅੱਜ ਵੇਖ ਕੇ, ਰੂਹ ਕੰਬਦੀ ਜਾਵੇ॥

ਦਾਤਾ ਕਿਵੇਂ ਗੁਜ਼ਾਰੀਆਂ, ਕੱਕਰ ਦੀਆਂ ਰਾਤਾਂ।

ਵਰ੍ਹਿਆਂ ਮਗਰੋਂ ਚੜ੍ਹਦੀਆਂ, ਜਿੱਥੇ ਪ੍ਰਭਾਤਾਂ।

ਚਾਰ ਚੁਫ਼ੇਰੇ ਫਿਰਦੀਆਂ, ਵੈਰੀ ਦੀਆਂ ਧਾੜਾਂ

ਲਾ ਕੰਡਿਆਂ ਦਾ ਬਿਸਤਰਾ, ਤੈਂ ਵਿੱਚ ਉਜਾੜਾਂ॥

ਗਾਏ ਗੀਤ ਪਿਆਰ ਦੇ, ਤੂੰ ਦਰਦਾਂ ਵਾਲੇ।

ਸੂਲ ਸੁਰਾਹੀ ਆਖਿਆ, ਤੇ ਖੰਜਰ ਪਿਆਲੇ॥

ਕਿਸ ਮਾਹੀ ਨੂੰ ਢੂੰਡਨੈ, ਜੰਗਲਾਂ ਵਿੱਚ ਕੇ।

ਸਿਦਕ ਤੇਰਾ ਮੁਸਕਾ ਰਿਹਾ, ਸਰਬੰਸ ਲੁਟਾ ਕੇ॥

ਪੁੱਤਰ ਘਰ ਦੀਆਂ ਰੌਣਕਾਂ, ਅੱਖੀਆਂ ਦੇ ਤਾਰੇ

 ਪਰ ਤੂੰ ਵਿੱਚ ਚਮਕੌਰ ਦੇ, ਦੋ ਲਾਲ ਸੀ ਵਾਰੇ॥

ਇਕ ਗਿਆ ਸੀ ਵਾਰਿਆ, ਦੂਜਾ ਡੱਕ ਲੈਂਦਾ।

ਇੱਜ਼ਤ ਕੁਲ ਪਰਵਾਰ ਦੀ, ਦਾਤਾ ਢੱਕ ਲੈਂਦਾ॥

ਲਹੂ ਪੁੱਤਰਾਂ ਦਾ ਵੇਖਕੇ, ਤੂੰ ਭੁੱਬ ਨਾ ਮਾਰੀ।

ਬਿਨ ਪੁੱਤਰਾਂ ਦੇ ਦਾਤਿਆ, ਕਾਹਦੀ ਸਰਦਾਰੀ॥

ਕਹਿਰ ਬੜੇ ਤਕਦੀਰ ਨੇ, ਤੇਰੇ ਤੇ ਢਾਏ।

ਨੀਹਾਂ ਵਿੱਚ ਤੇਰੇ ਲਾਡਲੇ, ਦੋ ਗਏ ਚਿਣਵਾਏ॥

ਮਾਂ ਗੁਜਰੀ ਤੇ ਗੁਜਰੀਆਂ, ਖ਼ਬਰੇ ਕੀ ਗੱਲਾਂ।

ਚੜ੍ਹੀਆਂ ਜਿਸ ਦੇ ਸਾਹਮਣੇ, ਦਰਿਆ ਦੀਆਂ ਛੱਲਾਂ॥

ਜ਼ਰਾ ਨਾ ਕੰਬਿਆ ਡੋਲਿਆ, ਤੇਰਾ ਅਣਖੀ ਜੇਰਾ।

ਖ਼ਬਰੇ ਦਾਤਾ ਕੀ ਚੀਜ਼ ਹੈ, ਕਲਗੀਧਰ ਮੇਰਾ॥

ਸੁਣ ਕੱਲੇ ਦੀ ਵਾਰਤਾ, ਉਹ ਕਲਗੀਆਂ ਵਾਲਾ।

ਚੁੰਮ ਕੇ ਤੀਰ ਕਮਾਨ ਨੂੰ, ਅਣਖੀ ਮਤਵਾਲਾ॥

ਕੱਲਿਆ ਇਹ ਕੀ ਛੇੜੀਆਂ, ਬੀਤੇ ਦੀਆਂ ਗੱਲਾਂ।

ਸਿਦਕ ਸਮੁੰਦਰ ਵਿੱਚ ਕਿਉਂ, ਪਾਈਆਂ ਤਰਥੱਲਾਂ॥

ਜਦ ਇੱਜ਼ਤ ਮਜ਼ਲੂਮ ਦੀ, ਪਈ ਢਾਹਾਂ ਮਾਰੇ।

ਜਦ ਦਰਿਆ ਦੇ ਕਤਰੇ, ਬਣ ਜਾਣ ਅੰਗਾਰੇ॥

ਜਦ ਛੱਲਾਂ ਵਿੱਚ ਜਾਏ, ਕੋਈ ਜ਼ੋਰ ਤੂਫਾਨੀ।

ਦੇਣੀ ਪਵੇ ਕਿਨਾਰਿਆਂ ਨੂੰ, ਫਿਰ ਕੁਰਬਾਨੀ।

ਹਕੂਮਤ ਜਦ ਨਸ਼ੇ ਵਿਚ, ਇਨਸਾਨ ਲਤਾੜੇ।

ਤੁਅਸਬ ਦੀ ਤਲਵਾਰ ਜਦ, ਬੱਚਿਆਂ ਨੂੰ ਪਾੜੇ॥

ਸੁਲਾਹ ਸ਼ਰਾਫਤ ਸ਼ਰਮ ਦਾ, ਜਦ ਰਹੇ ਨਾ ਹੀਲਾ।

ਜਦ ਡੰਗੇ ਹਰ ਫੁੱਲ ਨੂੰ, ਕੰਡਾ ਜ਼ਹਿਰੀਲਾ॥

ਹੱਕ ਹੈ ਫਿਰ ਇਨਸਾਨ ਨੂੰ, ਸ਼ਮਸ਼ੀਰ ਉਠਾਣਾ।

ਹੱਕ ਹੈ ਫਿਰ ਲੋਹੇ ਨਾਲ, ਲੋਹਾ ਟਕਰਾਣਾ॥

ਹੱਕ ਹੈ ਤੀਰਾਂ ਨਾਲ ਫਿਰ, ਤਕਦੀਰਾਂ ਲਿੱਖੇ।

ਤਲਵਾਰਾਂ ਦੀ ਧਾਰ ਤੇ ਫਿਰ, ਚਲਣਾ ਸਿੱਖੇ॥

ਕੀ ਹੋਇਆ ਤਕਦੀਰ ਨੇ, ਪਾਈਆਂ ਨੇ ਭੀੜਾਂ।

ਮਾਂ ਗੁਜਰੀ ਤੋਂ ਵੱਧ ਨੇ, ਧਰਤੀ ਦੀਆਂ ਪੀੜਾਂ॥

ਕੀ ਹੋਇਆ ਜੇ ਟੁਰ ਗਏ, ਮੇਰੇ ਪੁੱਤਰ ਚਾਰੇ।

ਸ਼ੁਕਰ ਹੈ ਉਸ ਕਰਤਾਰ ਦਾ, ਅਸੀਂ ਕਰਜ਼ ਉਤਾਰੇ॥

ਕੀ ਹੋਇਆ ਜੇ ਬੁੱਝ ਗਏ, ਮੇਰੀ ਕੁਲ ਦੇ ਦੀਵੇ।

ਮੇਰਾ ਭੁਝੰਗੀ ਖ਼ਾਲਸਾ, ਸਦੀਆਂ ਤੱਕ ਜੀਵੇ॥

ਕੱਟੇਗਾ ਇਹ ਦੇਸ਼ ਦੀ, ਜ਼ੰਜੀਰ ਪੁਰਾਣੀ।

ਲਿਖੇਗਾ ਤਲਵਾਰ ਥੀਂ, ਇਹਦੀ ਅਮਰ ਕਹਾਣੀ॥

ਸ਼ਸ਼ਤਰ ਜਦ ਟਕਰਾਣਗੇ, ਤਿੜਕਣਗੀਆਂ ਕੰਧਾਂ।

ਜਿਹਨਾਂ ਦਬਾ ਕੇ ਰੱਖੀਆਂ, ਆਜ਼ਾਦ ਸੁਗੰਧਾਂ॥

ਮਿੱਤਰ ਮੇਰਾ ਕਰਤਾਰ ਹੈ, ਮੈਂ ਅਮਨ ਪੁਜਾਰੀ।

ਜੰਗ ਲੜਾਂਗਾ ਅਮਨ ਲਈ, ਮੈਂ ਜ਼ਿੰਦਗੀ ਸਾਰੀ॥

ਬਿਨਾਂ ਕਫ਼ਨ ਤੋਂ ਤੋਰਿਆ, ਪੁੱਤਰਾਂ ਦਾ ਜੋੜਾ।

ਮਤਾਂ ਸਿਦਕ ਦਾ ਕੱਪੜਾ, ਨਾ ਰਹਿ ਜਾਏ ਥੋੜ੍ਹਾ॥

ਚਮੜਾ ਅਜੀਤ ਜੁਝਾਰ ਦਾ, ਮੈਂ ਕਫ਼ਨ ਬਣਾਣੈ।

ਰਣ ਭੂਮੀ ਦੀਆਂ ਹੱਡੀਆਂ, ਦਾ ਬਾਲਣ ਪਾਣੈ॥

ਹਿੰਮਤ ਮੋਹਕਮ ਸਾਹਿਬ ਦਾ ਲਹੂ, ਤੇਲ ਬਣਾ ਕੇ।

ਫੂਕਾਂਗਾ ਮੈਂ ਜ਼ੁਲਮ ਨੂੰ, ਭਾਂਬੜ ਵਿੱਚ ਪਾ ਕੇ॥

ਨੀਹਾਂ ਵਿੱਚ ਦੋ ਲਾਡਲੇ, "ਤੂਫਾਨ" ਬਣਨਗੇ।

ਮੁਗ਼ਲ ਰਾਜ ਦੀ ਮੌਤ ਦਾ, ਸ਼ਮਸ਼ਾਨ ਬਣਨਗੇ॥

📝 ਸੋਧ ਲਈ ਭੇਜੋ