ਰਾਹਾਂ ਵਿੱਚ 

ਅੰਗਿਆਰ ਬਹੁਤ ਨੇ 

ਜ਼ੰਜੀਰਾਂ ਵਰਗੇ 

ਸ਼ਿੰਗਾਰ ਬਹੁਤ ਨੇ 

ਤੂੰ ਹੌਸਲਾ ਨਾ ਹਾਰੀਂ

ਮੰਜ਼ਿਲ ਵੱਲ ਤੱਕੀਂ 

ਪੱਤਿਆਂ ਦੇ ਵੈਰੀ 

ਏਥੇ ਮੌਸਮ ਰੁੱਤਾਂ 

ਡਰ ਤੌਖ਼ਲੇ ਮਿਲਦੇ 

ਮੇਰੇ ਸਾਊ ਪੁੱਤਾਂ 

ਬਾਪੂ ਮਾਂ ਵਰਗੇ 

ਰੁੱਖ ਮੈਂ ਭਾਲੂੰ

ਤੂੰ ਦਰਾਂ ਕੋਲ 

ਥੋੜ੍ਹੀ ਥਾਂ ਰੱਖੀਂ 

ਚੰਨ ਤਾਰੇ 

ਤੈਨੂੰ ਆਸ ਪਾਸ ਮਿਲਣਗੇ

ਦਿਨ ਵੀ ਬਹੁਤ

ਉਦਾਸ ਮਿਲਣਗੇ 

ਗ਼ਮ ਦੇ ਪਹਿਰ

ਦੇਖਣ ਖ਼ਾਤਰ 

ਤੂੰ ਸ਼ੀਸ਼ੇ ਵੱਲ 

ਜ਼ਰਾ ਨਾ ਤੱਕੀਂ

ਏਥੇ ਇੱਕ 

ਅਨੋਖੀ ਰੀਤ

ਰਾਹ ਨਾ ਸੁਣਨ  

ਸੁਰੀਲੇ ਗੀਤ 

ਰਿਸ਼ਮਾਂ ਵਰਗੇ ਹਰਫ਼ 

ਸਤਰਾਂ ਵਿੱਚ ਉਣ ਕੇ 

ਗਾਉਂਦਾ ਜਾਵੀਂ 

ਸੁਣਾਵੀਂ ਲੱਖੀਂ

ਏਥੇ ਜ਼ਮੀਰਾਂ ਸਸਤੀਆਂ

ਮਹਿੰਗੇ ਭਾਅ ਜ਼ਮੀਨਾਂ 

ਜਿਸਮ ਵਿਕਣ 

ਵਾਂਗ ਜਿਵੇਂ ਖਿਡੌਣੇ ਮਸ਼ੀਨਾਂ 

ਅਦਾਲਤ ਨਾ ਏਥੇ ਸੁਣਦੀ

ਇਹ ਭੇਤ ਹਵਾਵਾਂ ਨੂੰ ਦੱਸੀਂ

ਬੇਈਮਾਨ ਨੂੰ ਏਥੇ ਰੁਤਬੇ 

ਬੇਗੁਨਾਹ ਨੂੰ ਤਸੀਹੇ 

ਪਿਆਰ ਨੂੰ ਏਥੇ 

ਲੱਭਣ ਨਾ ਕਦੇ ਮਸੀਹੇ

ਤੂੰ ਸ਼ਾਇਰ ਏਂ 

ਆਪਣੀ ਨਜ਼ਮ ਸੂਹੀ 

ਹਰ ਬੂਹੇ ਤੇ ਰੱਖੀਂ 

ਹਨ੍ਹੇਰੀਆਂ ਤੂਫ਼ਾਨ 

ਲੱਖ ਆਉਣਗੇ ਰਾਹੀਂ 

ਤੂੰ ਸੀਨੇ ਹਿੰਮਤ 

ਹੌਸਲੇ ਬਾਹਾਂ ਸਜਾਵੀਂ 

ਉਮੀਦ-ਏ-ਰੂਹ

ਸਿਦਕ-ਏ-ਦਿਲ ਰੱਖੀਂ 

📝 ਸੋਧ ਲਈ ਭੇਜੋ