ਲੱਗੀ ਮਾਹੀ ਦੀ ਹਿੱਕ ਮੈਂ ਜਦੋਂ ਵੇਖੀ,
ਮੈਂ ਪੁੱਛਿਆ ਉਸ ਸਵਾਲ ਮੀਆਂ।
ਕਿੰਨੀ ਵਾਰ ਸੀਨੇ ਵਿੱਚ ਛੇਕ ਹੋਏ,
ਫਿਰ ਸੁੱਤੀ ਤੂੰ ਸੱਜਣਾ ਨਾਲ਼ ਮੀਆਂ।
ਮੈਨੂੰ ਕਿਹਾ ਰਜਾਈ ਨੇ ਆ ਬਹਿ ਜਾ,
ਸੁਣ ਬੀਤੀ ਜੋ ਮੇਰੇ ਨਾਲ਼ ਮੀਆਂ।
ਮੇਰੇ ਪਿਉ ਵੜੇਂਵੇ ਦੀ ਮੈਂ ਲਾਡਲੀ,
ਲੱਖਾਂ ਵਿੱਚੋਂ ਸਾਂ ਇੱਕ ਔਲਾਦ ਮੀਆਂ।
ਮੇਰੇ ਪਿਉ ਨੂੰ ਰਾਤ ਪਾਣੀ ਵਿੱਚ ਭਿਉਂ ਕੇ,
ਦਿੱਤਾ ਮਿੱਟੀ ਤੇ ਸੀ ਖਿਲਾਰ ਮੀਆਂ।
ਜਦ ਮੈਂ ਤੇ ਵੀਰੇ ਸੀ ਜੰਮੇ,
ਲੋਕੀਂ ਆਖਦੇ ਸਾਨੂੰ ਕਪਾਹ ਮੀਆਂ।
ਮੇਰੇ ਪੱਤਿਆਂ ਤੇ ਸਪਰੇਆਂ ਕਰਦੇ,
ਪਾਣੀ ਕਦੇ ਸੀ ਦੇਂਦੇ ਪੀਣ ਮੀਆਂ।
ਕਦੇ ਆ ਕੀੜੇ ਮੈਨੂੰ ਖਾਣ ਪੈਂਦੇ ,
ਕਦੇ ਸੂਰਜ ਨਾ ਦੇਂਦਾ ਜੀਣ ਮੀਆਂ।
ਫੁੱਲ ਫਲ਼ ਲੱਗ ਗਏ ਮੈਂ ਜਵਾਨ ਹੋਈ,
ਚਿੱਟਾ ਰੂਪ ਮੇਰਾ ਸੀਨੇ ਸੇਕ ਮੀਆਂ।
ਮੈਨੂੰ ਪਿਆਰ ਦੇ ਨਾਲ਼ ਤੋੜ ਕੇ ਤੇ ,
ਪਾ ਢੇਰੀਆਂ ਦਿੱਤਾ ਫਿਰ ਵੇਚ ਮੀਆਂ।
ਫਿਰ ਵੇਲਣੇ ਵਿੱਚ ਮੇਰਾ ਸਿਰ ਦਿੱਤਾ,
ਕੀਤਾ ਵੜੇਂਵੇ ਨਾਲ਼ੋਂ ਵੱਖ ਮੀਆਂ।
ਮੇਰੇ ਸਾਹਮਣੇ ਉਸ ਨੂੰ ਪੀਸ ਕੇ ਤੇ,
ਖਲ਼ ਬਣਦੇ ਦੇ ਦੇਖੇ ਮੈਂ ਦੁੱਖ ਮੀਆਂ।
ਫਿਰ ਪੇਂਜੇ ਵਿੱਚ ਮੈਨੂੰ ਦੇ ਕੇ ਤੇ,
ਕੀਤਾ ਮੈਨੂੰ ਸੀ ਤਾਰੋ ਤਾਰ ਮੀਆਂ।
ਜਦੋਂ ਲਾਸ਼ ਬਣ ਗਈ, ਮੈਨੂੰ ਕੱਢ ਬਾਹਰ
ਮੈਨੂੰ ਆਖਣ ਲੱਗੇ ਰੂੰ ਮੀਆਂ।
ਦਿੱਤੇ ਸੂਈ ਨੇ ਬੂਟੇ ਪਾ ਨਾਲ ਧਾਗੇ
ਮੇਰੀ ਕੀ ਜੁਰਅਤ ਕਰਾਂ ਚੂੰ ਮੀਆਂ।
ਕਈ ਸਾਲ ਪੇਟੀਆਂ ’ਚ ਜੇਲ੍ਹ ਕੱਟੀ
ਹੁਣ ਠੰਡ ਆਈ ਕੀਤੀ ਭਾਲ਼ ਮੀਆਂ।
ਫਿਰ ਜਾ ਕੇ ਤੇਰੇ ਸੱਜਣਾ ਦੇ,
ਮੈਂ ਲੱਗੀ ਹਾਂ ਹਿੱਕ ਦੇ ਨਾਲ਼ ਮੀਆਂ।