ਹਾਹਾਕਾਰ ਮਚੀ ਹਰ ਪਾਸੇ ਪਰ ਨੇਤਾ ਨੇ ਸੁੱਤੇ।
ਲਾਸ਼ਾਂ ਢੋਂਦੀ ਗੰਗਾ ਦੇਖੋ, ਲਾਸ਼ਾਂ ਖਾਵਣ ਕੁੱਤੇ।
ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਕਿਸੇ ਨਈਂ ਦੇਣਾ,
ਆਤਮ-ਨਿਰਭਰ ਹੋ ਕੇ ਲੋਕੋ ਆਪੇ ਸਾਰੋ ਬੁੱਤੇ।
ਹਾਕਮ ਭੇਸ ਵਟਾਵੇ ਜਿੰਨੇ, ਗਿਰਗਿਟ ਵੀ ਸ਼ਰਮਾਵਣ,
'ਮਨ ਕੀ' ਬੋਲਣ ਵਾਲਾ ਬੋਲੂ 'ਜਨ ਕੀ' ਕਿਹੜੀ ਰੁੱਤੇ।
ਜਦ ਵੀ ਕੋਈ ਆਫਤ ਆਵੇ ਉਹਨੂੰ ਪੂਜੀ ਜਾਵੇਂ,
ਅੰਨੀ ਸ਼ਰਧਾ ਨਾਲੋਂ ਚੱਲ ਤੂੰ ਸੱਚ ਦੇ ਰਸਤੇ ਉੱਤੇ।
'ਅਮਰ' ਕਦੇ ਨਾ ਬਾਬਰ ਬਦਲੇ ਉਹਨੇ ਹੈ ਬਸ ਲੁੱਟਣਾ,
ਸੱਚ ਹਨ ਬੋਲ ਇਲਾਹੀ "ਰਾਜੇ ਸੀਹ ਮੁਕਦਮ ਕੁਤੇ"।