ਰੱਖੇ ਰੱਬ ਉਚੇਰੀ ਬਾਬਾ
ਹਰ ਵੇਲੇ ਪੱਗ ਤੇਰੀ ਬਾਬਾ
ਅੱਜ ਤੇ ਈਦ ਏ ਅੱਜ ਤੇ ਨਾ ਜਾਹ
ਅੱਜ ਤੇ ਰਹਿਣ ਦੇ ਫੇਰੀ ਬਾਬਾ
ਨਿਤ ਨਿਤ ਵੱਟੇ ਖਾਵਣ ਨਾਲ਼ੋਂ
ਪੱਟ ਈ ਦੇ ਤੂੰ ਬੇਰੀ ਬਾਬਾ
ਛੱਪਰਾਂ ਦੇ ਈ ਆਲ਼ ਦੁਆਲ਼ੇ
ਰਹਿੰਦੀ ਕਿਉਂ ਏ ’ਨ੍ਹੇਰੀ ਬਾਬਾ
ਜੂਹ ਜੰਮੇ ਆਂ ਜੂਹ ਹੰਸਾਂ ਦੀ
ਕਾਂਵਾਂ ਹੋਈ ਏ ਘੇਰੀ ਬਾਬਾ
ਇੱਕੋ ਦੁੱਖ ਤੇ ਇੱਕ ਕਹਾਣੀ
ਚਿੜੀਆਂ ਦੀ ਤੇ ਮੇਰੀ ਬਾਬਾ
ਏਥੇ ਉਹੀਓ ਭੁੱਖੇ ਨੇ ਨਾ
ਜਿੰਨ੍ਹਾਂ ਕੋਲ ਵਧੇਰੀ ਬਾਬਾ
ਕਹਿ ਕੇ ਮਿੱਠੇ ਫਲ਼ ਸਬਰਾਂ ਦੇ
ਤੂੰ ਕਿਉਂ ਅੱਥਰ ਕੇਰੀ ਬਾਬਾ
ਤੇਰੇ ਵਾਂਗੂੰ ਅੱਜ ਮੈਂ ਕੀਤੀ
ਭੁੱਖ ਦੇ ਨਾਲ਼ ਬਥੇਰੀ ਬਾਬਾ