ਰਲ਼ ਕੇ ਚਾਨਣ ਵੰਡ ਵੰਡ ਨ੍ਹੇਰ ਮੁਕਾਵਣ ਦੀ

ਰਲ਼ ਕੇ ਚਾਨਣ ਵੰਡ ਵੰਡ ਨ੍ਹੇਰ ਮੁਕਾਵਣ ਦੀ 

ਲੋੜ ਸੋਚਣ ਸਮਝਣ ਤੇ ਸਮਝਾਵਣ ਦੀ

ਪਾ ਲਵੀਂ ਫਿਰ ਹਾੜ੍ਹ ਤੇ ਸਾਰਾ ਮਲਬਾ ਤੂੰ 

ਪਹਿਲਾਂ ਲੈ ਤਲਾਸ਼ੀ ਪੋਹ ਤੇ ਸਾਵਣ ਦੀ

ਲੰਗਰ ਵਿਚ ਪ੍ਰਸ਼ਾਦ ਰਲ਼ਾ ਕੇ ਤੂੰ ਤੇ ਮੈਂ 

ਹਿੰਮਤ ਕਰੀਏ ਬਹਿ ਕੇ ਇੱਕ ਥਾਂ ਖਾਵਣ ਦੀ

ਤੂੰ ਉਸ ਸ਼ਹਿਰ 'ਚ ਹੰਸਾਂ ਦੀ ਗੱਲ ਕਰਨਾ ਏਂ 

ਜਿੱਥੇ ਰੀਤ ਕਾਂਵਾਂ ਨੂੰ ਵਡਿਆਵਣ ਦੀ 

ਕਈ ਅੰਨ੍ਹਿਆਂ ਨੂੰ ਬਾਲ਼ ਕੇ ਦੀਵੇ ਅੱਖਰਾਂ ਦੇ 

ਕੋਸ਼ਿਸ਼ ਕਰਦੇ ਪਏ ਆਂ ਰਾਹ ਵਿਖਾਵਣ ਦੀ

ਇੱਥੇ ਉਹ ਲੱਭ ਜਿਹੜਾ ਬਲ਼ਿਆ ਹੋਇਆ ਨਈਂ 

ਇੱਥੇ ਲੋੜ ਨਈਂ ਪੈਣੀ ਤੀਲ੍ਹੀ ਲਾਵਣ ਦੀ

ਸਭ ਜੋਕਾਂ ਨੂੰ ‘ਸੰਧੂ’ ਸਾਡੇ ਲੋਕਾਂ ਨੇ 

ਆਦਤ ਪਾ ਲਈ ਆਪੇ ਰੱਤ ਪਿਆਵਣ ਦੀ

📝 ਸੋਧ ਲਈ ਭੇਜੋ