ਰਲ਼ ਕੇ ਦੋਵੇਂ ਅਗਲੇ ਪਿੱਛਲੇ

ਰਲ਼ ਕੇ ਦੋਵੇਂ ਅਗਲੇ ਪਿੱਛਲੇ ਧੋਣੇ ਧੋ ਕੇ ਆਈਏ 

ਨੀ ਜਿੰਦੇ ਅੱਜ ਸੱਜਣਾ ਦੇ ਪਿੰਡ ’ਚੋ ਹੋ ਕੇ ਆਈਏ

ਅੱਲ੍ਹਾ ਜਾਣੇ ਭੋਏਂ ਉੱਤੇ ਪੈਰ ਕਿਉਂ ਨਈਂ ਟਿਕਦੇ 

ਜਦ ਕਦੀ ਵੀ ਉਹਦੇ ਨੇੜੇ ਝੱਟ ਖਲ੍ਹੋ ਕੇ ਆਈਏ 

ਦੁਨੀਆਂ ਜੰਨਤ ਬਣ ਸਕਦੀ ਧਰਤੀ ਰੱਬ ਦਾ ਵਿਹੜਾ 

ਇੱਕ ਦੂਜੇ ਵੱਲ ਵੈਰ ਦੇ ਜੇਕਰ ਬੂਹੇ ਢੋਹ ਕੇ ਆਈਏ 

ਯਾਰ ਨੂੰ ਮਿਲ ਕੇ ਆਵਣ ਵਾਲ਼ਾ ਦਿਸ ਪੈਂਦਾ ਦੂਰੋਂ 

ਆਪਣੇ ਵੱਲੋਂ ਗੱਲ ਨੂੰ ਭਾਵੇਂ ਲੱਖ ਲੁਕੋ ਕੇ ਆਈਏ 

ਚੰਨ ਚੁੰਨਾ, ਤਾਰੇ ਬੱਝਲ, ਸੂਰਜ ਗੂੰਗਾ ਬੋਲ਼ਾ 

ਕਿਹਦੇ ਅੱਗੇ ਇਸ ਧਰਤੀ ਦੇ ਰੋਣੇ ਰੋ ਕੇ ਆਈਏ 

ਤੂੰ ਤੇ ਸਾਨੂੰ ਅੰਨ੍ਹੇ ਖੂਹ ਤੇ ਜੋ ਛੱਡਿਆ ਲੇਖਾ 

ਤੂੰ ਦੱਸ ਨਾ ਤੈਨੂੰ ਕਿਹੜੇ ਖੂਹ ਤੇ ਜੋ ਕੇ ਆਈਏ 

ਜਗ ਨੂੰ ਜਿਹੜਾ ਇੱਕੋ ਜਿੰਨੀਆਂ ਧੁੱਪਾਂ ਛਾਵਾਂ ਵੰਡੇ 

ਜੀਅ ਕਰਦਾ ‘ਸੰਧੂਆ’ ਇੰਜ ਦਾ ਅੰਬਰ ਗ੍ਹੋ ਕੇ ਆਈਏ

📝 ਸੋਧ ਲਈ ਭੇਜੋ