ਰਲ਼ ਕੇ ਦੋਵੇਂ ਅਗਲੇ ਪਿਛਲੇ ਧੋਣੇ ਧੋ ਕੇ ਆਈਏ।
ਆ ਨੀ ਜਿੰਦੇ ਅੱਜ ਸੱਜਣਾਂ ਦੇ ਪਿੰਡ 'ਚੋਂ ਹੋ ਕੇ ਆਈਏ।
ਅੱਲ੍ਹਾ ਜਾਣੇ ਭੋਇਂ ਉੱਤੇ ਪੈਰ ਕਿਉਂ ਨਹੀਂ ਟਿਕਦੇ
ਜਦ ਕਦੀ ਵੀ ਤੇਰੇ ਨੇੜੇ ਝੱਟ ਖਲੋਕੇ ਆਈਏ।
ਚੰਨ ਏ ਚੁੰਨ੍ਹਾ, ਤਾਰੇ ਬੱਜਲ, ਸੂਰਜ ਗੂੰਗਾ ਬੋਲ਼ਾ
ਕੀਹਦੇ ਅੱਗੇ ਇਸ ਧਰਤੀ ਦੇ ਰੋਣੇ ਰੋ ਕੇ ਆਈਏ।
ਜੱਗ ਨੂੰ ਜਿਹੜਾ ਇਕੋ ਜਿੰਨੀਆਂ ਧੁੱਪ ਤੇ ਛਾਵਾਂ ਵੰਡੇ
ਜੀ ਕਰਦਾ ਏ ਇੰਜ ਦਾ ਕੋਈ ਅੰਬਰ ਗੋ ਕੇ ਆਈਏ।
ਯਾਰ ਨੂੰ ਮਿਲ ਕੇ ਆਵਣ ਵਾਲਾ ਦਿਸ ਪੈਂਦਾ ਏ ਦੂਰੋਂ
ਆਪਣੇ ਵੱਲੋਂ ਗੱਲ ਨੂੰ ਭਾਵੇਂ ਲੱਖ ਲੁਕੋ ਕੇ ਆਈਏ।
ਤੂੰ ਤੇ ਸਾਨੂੰ ਅੰਨੇ ਖੂਹ ਤੇ ਜੋ ਛੱਡਿਆ ਏ ਲੇਖਾ
ਤੂੰ ਵੀ ਦੱਸ ਨਾਂ ਤੈਨੂੰ ਕਿਹੜੇ ਖੂਹ ਤੇ ਜੋ ਕੇ ਆਈਏ।
ਦੁਨੀਆ ਜੰਨਤ ਬਣ ਸਕਦੀ ਏ ਧਰਤੀ ਰੱਬ ਦਾ ਵੇੜ੍ਹਾ
ਇਕ ਦੂਜੇ ਵੱਲ ਵੈਰ ਦੇ ਜੇਕਰ ਬੂਹੇ ਢੋਅ ਕੇ ਆਈਏ।
ਲੂੰ ਲੂੰ ਜਿਹਨੇ ਵਿੰਨ੍ਹ ਛੱਡਿਆ ਏ ਚੋਭਾਂ ਮਾਰਕੇ 'ਸੰਧੂ'
ਇੰਜ ਕਰੀਏ ਖ਼ਾਂ ਉਹਨੂੰ ਵੀ ਕੋਈ ਸੂਲ ਚੁਭੋਕੇ ਆਈਏ।