ਰਲ਼ਕੇ ਚਿੜੀਆਂ ਨਾਲ਼ ਕਬੂਤਰ ਲਾਲ ਕਬੂਤਰ
ਤੋੜਨਗੇ ਸਭ ਜਾਲ ਕਬੂਤਰ ਲਾਲ ਕਬੂਤਰ
ਰੁਲਦੇ ਪਏ ਨੇ ਅੱਜ ਵੀ ਚਿੱਟਿਆਂ ਕਾਵਾਂ ਹੱਥੋਂ
ਇਸ ਧਰਤੀ ਤੇ ਲਾਲ ਕਬੂਤਰ ਲਾਲ ਕਬੂਤਰ
ਜੇ ਚਾਹਨਾ ਏਂ ਪਿਆਰ ਦੀ ਗੁਟਕੂੰ ਗੁਟਕੂੰ ਹੋਵੇ
ਮੈਂ ਪਾਲ਼ੇ ਤੂੰ ਪਾਲ਼ ਕਬੂਤਰ ਲਾਲ ਕਬੂਤਰ
ਕੋਈ ਤੇ ਸੋਚੇ ਕੋਈ ਤੇ ਸਮਝੇ ਕੋਈ ਤੇ ਪੁੱਛੇ
ਫਿਰਦੇ ਕਿਹੜੇ ਹਾਲ ਕਬੂਤਰ ਲਾਲ ਕਬੂਤਰ
ਕਮਲ਼ੇ ਨੇ ਨਾ ਅੱਜ ਵੀ ਗਿਰਝਾਂ ਦੇ ਪਿੰਡ ਸੁੱਖ ਦੀ
ਕਰਦੇ ਪਏ ਨੇ ਭਾਲ਼ ਕਬੂਤਰ ਲਾਲ ਕਬੂਤਰ
ਭੋਲ਼ੇ ਭਾਲ਼ੇ ਕਈ ਲਗੜਾਂ ਦੇ ਹੱਥੀਂ ਆ ਕੇ
ਮਰ ਜਾਂਦੇ ਹਰ ਸਾਲ ਕਬੂਤਰ ਲਾਲ ਕਬੂਤਰ
ਇੰਜ ਦੇ ਦਿਨ ਲਿਆਈਏ ਇੱਕ ਮਿੱਕ ਹੋ ਕੇ ‘ਸੰਧੂ’
ਪਾਉਂਦੇ ਫਿਰਨ ਧਮਾਲ ਕਬੂਤਰ ਲਾਲ ਕਬੂਤਰ