ਰੰਗ-ਬਰੰਗੇ ਮਹਿਲਾਂ ਕੋਲ, ਖਲੋਣ ਦਾ ਫ਼ਾਇਦਾ ਕੋਈ ਨਹੀਂ ।
ਅੱਡੀਆਂ ਚੁੱਕ ਕੇ ਐਵੇਂ ਵੱਡੇ, ਹੋਣ ਦਾ ਫ਼ਾਇਦਾ ਕੋਈ ਨਹੀਂ ।
ਜਿਹੜੀ ਸ਼ੈ ਦੀ ਮਰਦਾਂ ਵਾਂਗੂੰ, ਰਾਖੀ ਕਰ ਨਹੀਂ ਸਕਦਾ ਤੂੰ,
ਉਹਦੇ ਲਈ ਹੁਣ ਬੁੱਢਿਆਂ ਵਾਂਗੂੰ, ਰੋਣ ਦਾ ਫ਼ਾਇਦਾ ਕੋਈ ਨਹੀਂ ।
ਗੱਲੀਂ-ਬਾਤੀਂ ਭੁੱਖ ਨਹੀਂ ਮਰਦੀ, ਕਾਲ ਨਾ ਕੱਟੇ ਜਾਂਦੇ ਨੇ,
ਮਿੱਟੀ ਆਟੇ ਰੰਗੀ ਕਰਕੇ, ਗੋਣ ਦਾ ਫ਼ਾਇਦਾ ਕੋਈ ਨਹੀਂ ।
ਪਤਾ ਨਹੀਂ ਸੀ ਇਕ ਦੂਜੇ ਦੇ, ਬਣ ਜਾਵਾਂਗੇ ਵੈਰੀ ਵੀ,
ਇਹ ਤੇ ਪਤਾ ਸੀ ਵੱਖੋ-ਵੱਖੀ, ਹੋਣ ਦਾ ਫ਼ਾਇਦਾ ਕੋਈ ਨਹੀਂ ।
'ਕੁਦਸੀ' ਜਿਹੜੇ ਆਪ ਨਾ ਬੋਲਣ, ਗ਼ਜ਼ਲਾਂ ਤੇ ਨਜ਼ਮਾਂ ਅੰਦਰ,
ਉਹਨਾਂ ਹਰਫ਼ਾਂ ਤੇ ਲਫ਼ਜ਼ਾਂ ਦੀ, ਚੋਣ ਦਾ ਫ਼ਾਇਦਾ ਕੋਈ ਨਹੀਂ ।