ਰੰਗ ਬਰੰਗੇ ਚੋਲੇ ਪਾ ਕੇ ਕਰਦੇ ਫਿਰਣ ਅਦਾਵਾਂ ਕੀ ।
ਆਪੋ ਦਰ-ਦਰ ਮੰਗਣ ਵਾਲੇ ਸਾਨੂੰ ਕਰਨ ਅਤਾਵਾਂ ਕੀ ।
ਦਿਲ ਦੇ ਅੰਦਰ ਲੁਕੀਆਂ ਛੁਪੀਆਂ ਗੱਲਾਂ ਦਾ ਵੀ ਜਾਣੂ ਜੋ,
ਉਸ ਦੇ ਅੱਗੇ ਅੱਖਰਾਂ ਦੇ ਵਿਚ ਕਰਨੀਆਂ ਫੇਰ ਦੁਆਵਾਂ ਕੀ ।
ਕਾਲੇ ਪਾਣੀ ਖੜ੍ਹ ਕੇ ਪੁੱਛਦੇ ਦੱਸੋ ਸੱਜਣ ਕਿੱਥੇ ਜੇ,
ਭੇਦ ਨਾ ਦਿੰਦੇ ਸੂਲੀ ਚੜ੍ਹਦੇ ਹੁੰਦੀਆਂ ਵੇਖ ਵਫ਼ਾਵਾਂ ਕੀ ।
ਅਰਜ਼ਾਂ ਉੱਥੇ ਕਰੀਏ ਜਿੱਥੇ ਹੋਵੇ ਕੁੱਝ ਸੁਣਵਾਈ ਵੀ,
ਜੰਗਲ ਬੇਲੇ ਕੋਈ ਨਾ ਸੁਣਦਾ, ਦਈਏ ਫੇਰ ਸਦਾਵਾਂ ਕੀ ।
ਅੱਧੀ ਰਾਤੋਂ ਪਿੱਛੋਂ 'ਆਸਿਮ' ਦੁਨੀਆਂ ਜਦ ਸੌਂ ਜਾਂਦੀ ਏ,
ਉਹੋ ਵੱਖਰੀ ਐਬ ਇਬਾਦਤ ਹੌਕੇ, ਹੰਝੂ, ਹਾਵਾਂ ਕੀ ।