ਰੰਗ-ਬਰੰਗੇ ਰੂਪ ਵਟਾ ਕੇ ਰੋਜ਼ ਕਰੀ ਦੀਆਂ ਗੱਲ਼ਾਂ ।
ਸ਼ਰਮ ਨਾ ਆਵੇ ਕਰਦੇ ਹੋਇਆਂ ਕਾਰੀਗਰੀ ਦੀਆਂ ਗੱਲਾਂ ।
ਲੋੜਾਂ ਦੀ ਸੂਲੀ ਚੜ੍ਹ ਜਾਵਣ ਰੋਜ਼ ਅਣਮੁੱਲੇ ਹਾਸੇ,
ਇਸ਼ਕ ਮੁਹੱਬਤ ਝੂਠੇ ਕਿੱਸੇ ਦਰਦ ਸਰੀ ਦੀਆਂ ਗੱਲਾਂ ।
ਉੱਚੀਆਂ ਚੀੜਾਂ ਦੇ ਅਫ਼ਸਾਨੇ ਬਾਹਰ ਨਿਕਲਣ ਛੇਤੀ,
ਗਮਲਿਆਂ ਦੇ ਵਿਚ ਕੈਦ ਨਾ ਰਹਿੰਦੀਆ ਮੌਲਸਰੀ ਦੀਆਂ ਗੱਲਾਂ ।
ਨਾਲ ਹਵਾ ਦੇ ਮਹਿਕ ਦਾ ਰਿਸ਼ਤਾ ਅਜਲੀ ਟੋਰ ਦੁਹਾਂ ਦੀ,
ਆਵਣ ਵਾਲੇ ਕੱਲ੍ਹ ਨਹੀਂ ਸੁਣਨੀਆਂ ਦਾਜ ਵਰੀ ਦੀਆਂ ਗੱਲਾਂ ।
ਆਪਣੀ ਜ਼ਾਤ ਸਲਾਮਤ ਹੋਣ ਦਾ ਜਦ ਇਤਬਾਰ ਨਹੀਂ ਰਹਿੰਦਾ,
ਆਪਣੀਆਂ ਕੀਤੀਆਂ ਦੂਜਿਆਂ ਦੇ ਸਿਰ ਫੇਰ ਧਰੀ ਦੀਆਂ ਗੱਲਾਂ ।
ਘਰਦੀਆਂ ਚੀਕਾਂ ਡੱਕੀਆਂ ਗਈਆਂ ਜਦੋਂ ਬਨੇਰਿਆਂ ਕੋਲੋਂ,
ਫੇਰ ਕਿਸੇ ਵਾਰਿਸ ਨਹੀਂ ਕਰਨੀਆਂ ਭਾਗਭਰੀ ਦੀਆਂ ਗੱਲਾਂ ।
ਖੋਟੇ ਸਿੱਕੇ ਬੋਝੇ ਪਾ ਕੇ ਲੱਖ ਛਣਕਾਉਂਦੇ ਫਿਰੀਏ,
ਜਿਨਸ ਖਰੀ ਦੀਆਂ ਗੱਲਾਂ ਫੇਰ ਵੀ ਜਿਨਸ ਖਰੀ ਦੀਆਂ ਗੱਲਾਂ ।
ਨਾਲ ਮੇਰੇ ਨੰਗੇ ਹੋਵਣਗੇ ਸ਼ੈਖ਼ ਸਦਾਵਣ ਵਾਲੇ,
'ਕਾਸ਼ਰ' ਯਾਰ ਲੁਕਾਵਾਂ ਕਿਉਂ ਨਾ ਕੋਹਮਰੀ ਦੀਆਂ ਗੱਲਾਂ ।