ਰੰਗ ਵੀ ਉਹਦੇ ਕੋਲ ਬੜੇ ਨੇ

ਰੰਗ ਵੀ ਉਹਦੇ ਕੋਲ ਬੜੇ ਨੇ, ਖ਼ੁਸ਼ਬੂਆਂ ਵੀ ਬੜੀਆਂ

ਖ਼ਵਰੇ ਉਹਦੇ ਅੰਦਰ ਕਿੱਥੋਂ, ਆਨ ਬਹਾਰਾਂ ਤੜੀਆਂ

ਮੈਂ ਉਹ ਘਰ ਵਾਂ, ਜੀਹਦੀਆਂ ਛੱਤਾਂ, ਡਿੱਗਣ ਦੀ ਰਾਹ ਲੱਭਣ,

ਸਿਉਂਕ ਨੇ ਮਿੱਟੀ ਕਰ ਦਿੱਤੀਆ ਨੇ, ਮੇਰੀਆਂ ਸੱਭੇ ਕੜੀਆਂ

ਸੌ ਚਿੜੀਆਂ ਨੇ ਪਾ ਰੱਖੇ ਨੇ, ਆਲ੍ਹਣੇ ਇੱਕੋ ਰੁੱਖ 'ਤੇ,

ਪਰ ਇਹ ਚਿੜੀਆਂ ਆਪਸ ਦੇ ਵਿਚ, ਕਦੇ ਨਹੀਂ ਜੇ ਲੜੀਆਂ

ਦੁਸ਼ਮਨ ਦਾ ਮੈਂ ਵਾਰ ਕਦੇ ਵੀ, ਸਿਰ ਤਕ ਆਉਣ ਨਾ ਦਿੰਦਾ,

ਮੇਰੇ ਸੱਜਣਾਂ ਪਿੱਛੋਂ ਕੇ, ਮੇਰੀਆਂ ਬਾਹਵਾਂ ਫੜੀਆਂ

ਰਾਤੀਂ ਬੜਾ ਹਨ੍ਹੇਰ ਪਿਆ, ਜਿਸ ਵੇਲੇ ਚੋਰਾਂ ਵਾਂਗੂੰ,

ਦਿਲ ਦੇ ਵਿਹੜੇ ਭੁੱਲੀਆਂ ਚੁੱਕੀਆਂ, ਕੁੱਝ ਯਾਦਾਂ ਵੜੀਆਂ

ਸਦੀਆਂ ਦੇ ਇਹ ਪਏ ਪਵਾੜੇ, ਸਦੀਆਂ ਦੇ ਇਹ ਰੋਣੇ,

ਤੂੰ ਏਥੇ ਕੀ ਕਰ ਸਕਨਾਂ ਏਂ, ਤੂੰ ਰਹਿਣੈਂ ਦੋ ਘੜੀਆਂ

📝 ਸੋਧ ਲਈ ਭੇਜੋ