ਰੰਗਾਂ 'ਚ ਸੀ ਜੋ ਲਿਪਟਦੀ, ਬਸਤੀ ਨਹੀਂ ਰਹੀ।
ਬਸਤੀ ਉਵੇਂ ਹੈ ਮਹਿਕ ਜਿਹੀ ਹਸਤੀ ਨਹੀਂ ਰਹੀ।
ਕੰਢੇ ਤੇ ਦਰਿਆ ਦੇ ਮੁਸਾਫ਼ਰ ਹਨ ਰਹੇ ਉਡੀਕ,
ਲਾਉਂਦੀ ਸੀ ਪਾਰ ਸਭ ਨੂੰ ਜੋ ਕਿਸ਼ਤੀ ਨਹੀਂ ਰਹੀ।
ਮੌਸਮ ਤਾਂ ਖੁਸ਼ਗਵਾਰ ਹੈ ਪਰ ਐ ! ਮਿਰੇ ਖ਼ੁਦਾ,
ਮਾਹੌਲ ਵਿਚ ਪਹਿਲਾਂ ਜਿਹੀ ਮਸਤੀ ਨਹੀਂ ਰਹੀ।
ਸ਼ੁਹਰਤ ਖ਼ਰੀਦ ਲਉ ਕੋਈ ਮਹਿੰਗੀ ਨਹੀਂ ਹੈ ਹੁਣ,
ਸਸਤੀ ਹੈ ਹੁਣ ਜਿੰਨੀ ਕਦੇ ਸਸਤੀ ਨਹੀਂ ਰਹੀ।
ਕਬਜ਼ਾ ਹੀ ਕਰਨਾ ਹੈ ਘਰ ਬਾਰ ਉਜਾੜ ਦਿਉ।
ਬਸਤੀ ਹੈ ਗਰੀਬਾਂ ਦੀ ਅੱਗ ਲਾ ਕੇ ਸਾੜ ਦਿਉ।
ਹੈ ਹੁਕਮ ਹਕੂਮਤ ਦਾ ਬਿੱਲੀ ਖਾ ਜਾਏਗੀ,
ਪਰ-ਹੀਣ ਪਰਿੰਦੇ ਨੂੰ ਪਿੰਜਰੇ ਵਿਚ ਤਾੜ ਦਿਉ।
ਮਜ਼ਦੂਰ ਜੇ ਭਾੜੇ ਤੇ ਵੀ ਰੰਦੇ ਨਹੀਂ ਜਾਂਦੇ,
ਇਹ ਈਸਾ ਜਿਹੇ ਨੇ ਸਭ ਸੂਲ੍ਹੀ ਤੇ ਚਾੜ੍ਹ ਦਿਉ।
ਜੇ ਵਨਸਪਤੀ ਅਪਣੀ ਰੱਖਣੀ ਹੈ ਬਚਾਕੇ ਤਾਂ,
ਸਭ ਫਿਰਕੂ ਫ਼ਿ਼ਜ਼ਾਵਾਂ ਨੂੰ ਜੜ੍ਹ ਤੋਂ ਹੀ ਉਖਾੜ ਦਿਉ।
ਮੇਰੇ ਤੇ ਕਫ਼ਨ ਪਾ ਕੇ ਸ਼ਰਮਿੰਦਾ ਨਾ ਹੁਣ ਕਰਿਓ,
ਕੁਝ ਜਜ਼ੀਆ ਬਕਾਇਆ ਹੈ ਹਾਕਮ ਨੂੰ ਤਾਰ ਦਿਉ।
ਜੇਕਰ ਹੈ ਗੁਲਾਬ ਜਿਹਾ ਤਾਂ ਰੱਖਣਾ ਕਿਤਾਬਾਂ ਵਿਚ,
ਪੱਥਰ ਹੈ ਜੇ ਦਿਲ ਮੇਰਾ ਤਾਂ ਠੋਕਰ ਮਾਰ ਦਿਉ।
ਇਸ ਸ਼ਹਿਰ ਦੇ ਬਾਸ਼ਿੰਦੇ ਰੰਗਾਂਧ ਹੀ ਲੱਗਦੇ ਨੇ,
ਇਹ ਰੰਗ ਪਛਾਨਣਗੇ ਵਰਕਾ ਹੀ ਪਾੜ ਦਿਉ।