ਰੰਗਾਂ ’ਤੇ ਸ਼ੱਕ ਪੈਂਦਾ ਏ ਤਸਵੀਰਾਂ ਦਾ ਨਈਂ ਰੌਲ਼ਾ ਸੀ
ਸੁਫ਼ਨੇ ਈ ਕੁਝ ਕਾਹਲੇ ਸਨ ਤਾਬੀਰਾਂ ਦਾ ਨਈਂ ਰੌਲ਼ਾ ਸੀ
ਜਿੰਨੇ ਮਰਜ਼ੀ ਰੌਲ਼ੇ ਹੋਵਣ ਇੱਕ ਦੂਜੇ ਤੋਂ ਨਿੱਖੜਨ ਦੇ
ਇਹ ਤੇ ਉਹ ਵੀ ਮੰਨਦਾ ਏ ਤਕਦੀਰਾਂ ਦਾ ਨਈਂ ਰੌਲ਼ਾ ਸੀ
ਵੱਖਰੀ ਗੱਲ ਏ ਵੇਲ਼ੇ ਨੇ ਨਈਂ ਮੁੱਕਣ ਦਿੱਤਾ ਹਾਲਾਂਕਿ
ਮੇਰਾ ਓਹਦਾ ਰੌਲ਼ਾ ਕੋਈ ਜਾਗੀਰਾਂ ਦਾ ਨਈਂ ਰੌਲ਼ਾ ਸੀ
ਕੰਨ ਪੜਵਾਉਣਾ ਵੀ ਤੇ ਮੌਤ ਸੀ ਮੇਰੇ ਧਰਤ ਕਬੀਲੇ ਦੀ
ਹੀਰਾਂ ਤੇ ਸਨ ਲੱਖਾਂ ਮੈਨੂੰ ਹੀਰਾਂ ਦਾ ਨਈਂ ਰੌਲ਼ਾ ਸੀ
ਤੇਰੇ ਰੁੱਸਣ ਮਗਰੋਂ ਦਿਲ ਦੇ ਸ਼ੀਸ਼ੇ ਨੂੰ ਕਈ ਖ਼ਤਰੇ ਸਨ
ਅੱਖ ਤੋਂ ਪੁੱਛ ਲੈ ਅੱਖ ਨੂੰ ਅੱਖ ਦੇ ਨੀਰਾਂ ਦਾ ਨਈਂ ਰੌਲ਼ਾ ਸੀ
ਜਿੰਨਾਂ ਵੀ ਸੀ ਜੇਹਜਾ ਵੀ ਸੀ ਮੇਲ ਮਿਲਾਪ ਸੀ ਰੂਹਾਂ ਦਾ
ਸਾਡੀ ਪਿਆਰ ਕਹਾਣੀ ਵਿਚ ਸਰੀਰਾਂ ਦਾ ਨਈਂ ਰੌਲ਼ਾ ਸੀ
ਜੰਡ ਝਨਾਂ ਦੇ ਸਾਹਵੇਂ ‘ਸੰਧੂ’ ਖ਼ੌਰੇ ਕੀ ਕੀ ਮਸਲੇ ਸਨ
ਖਾਲੀ ਕੱਚਿਆਂ ਘੜਿਆਂ ਟੁੱਟਿਆਂ ਤੀਰਾਂ ਦਾ ਨਈਂ ਰੌਲ਼ਾ ਸੀ