ਰਸੋਈ
ਜਿਸ ਵਿੱਚ
ਵੱਡੀਆਂ ਵੱਡੀਆਂ ਪਿੰਨੀਆਂ ਤੋਂ
ਲੜਦੇ ਲੜਦੇ ਅਸੀਂ ਵੱਡੇ ਹੋਏ
ਬੀ ਜੀ ਦੇ ਹੱਥਾਂ ਵਿਚ
ਮੱਕੀ ਦੇ ਚੰਨ ਪੱਕਦੇ ਦੇਖੇ
ਤੇ ਉਹਨਾਂ ਦੀ ਲੱਜ਼ਤ ਮਾਣੀ
ਮੱਕੀ ਦੇ ਟੁੱਕ ਦੀਆਂ
ਚਾਹ ਵਿਚ ਭੋਰ ਭੋਰ ਮਾਣੇ
ਸਵੇਰੇ ਤੇ ਸਰਘੀਆਂ
ਛੱਲੀਆਂ ਸ਼ਕਰਕੰਦੀ
ਭੁੰਨਦੇ ਖ਼ਾਂਦੇ ਨੱਚਦੇ
ਹੱਥ ਸੇਕਦੇ
ਧੂੰਏਂ ਨਾਲ ਉਗਮੇ ਹੰਝੂ
ਪਲਕਾਂ ਧੋਂਦੇ
ਓਦੋਂ ਅਜੇ ਸੂਰਜਾਂ ਸ਼ਾਮਾਂ ਦੇ ਮੱਥਿਆਂ ਤੇ ਭੁੱਖਾਂ ਦਾ ਪਹਿਰਾ ਸੀ
ਰਾਤਾਂ ਡੁੱਬੀਆਂ ਹੁੰਦੀਆਂ ਸਨ ਵਲੂੰਧਰੀਆਂ ਰੀਝਾਂ ਦੇ ਰਾਗਾਂ ਵਿੱਚ
ਬੇਹੇ ਟੁੱਕ ਦੇ ਕਿਨਾਰਿਆਂ ਤੇ
ਅਸੀਂ ਭੰਗੜੇ ਪਾਉਂਦੇ
ਲੇਫਾਂ ਰਜਾਈਆਂ ਤੇ ਨੱਚਦੇ
ਅਰਸ਼ ਨੂੰ ਛੂੰਹਦੇ
ਤਾਰਿਆਂ ਨਾਲ ਖੇਡਦੇ ਖੇਡਦੇ
ਸੁਰਗੀ ਨਜ਼ਾਰਿਆਂ ਵਿੱਚ
ਨੱਚਦੇ ਟੱਪਦੇ ਸੌਂ ਜਾਂਦੇ