ਰਸਤੇ ਵਿਚ ਹੀ ਗੁੰਮ ਗਏ ਨੇ

ਰਸਤੇ ਵਿਚ ਹੀ ਗੁੰਮ ਗਏ ਨੇ ਖ਼ੁਸ਼ਬੂ ਰੰਗ ਬਹਾਰਾਂ ਦੇ।

ਵਿੱਛੜ ਗਏ ਨੇ ਸਾਰੇ ਮੌਸਮ ਬਾਰਸ਼ ਅਤੇ ਫੁਹਾਰਾਂ ਦੇ।

ਐਹ ਚੁੱਕ ਅਪਣਾ ਘਰ ਤੇ ਲੈ ਤੂੰ ਸਾਂਭ ਕੁੰਜੀਆਂ ਆਪੇ ਹੀ,

ਮੇਰੇ ਨਾਲ ਸਦਾ ਨਹੀਂ ਨਿਭਣੇ ਇਹ ਰਿਸ਼ਤੇ ਦੀਵਾਰਾਂ ਦੇ।

ਮਿਹਣੇ ਦਾ ਫਟ ਕਦੇ ਨਾ ਭਰਦਾ ਸਦਾ ਸੱਜਰਾ ਰਹਿੰਦਾ ਹੈ,

ਭਰਦੇ ਭਰਦੇ ਭਰ ਜਾਂਦੇ ਨੇ ਗਹਿਰੇ ਫੱਟ ਤਲਵਾਰਾਂ ਦੇ।

ਵਾ-ਵਰੋਲ਼ੇ, ਗਰਦਸ਼, ਘੁੰਗਰੂ ਪੈਰਾਂ ਵਿਚ ਤੂੰ ਜੋ ਵੀ ਬੰਨ,

ਤਲਵਾਰਾਂ ਦੇ ਸਾਏ ਹੇਠਾਂ ਰਸਤੇ ਹਨ ਖ਼ੁਦਦਾਰਾਂ ਦੇ।

📝 ਸੋਧ ਲਈ ਭੇਜੋ