ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ

ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ

ਕੈਦ 'ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ

ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ ਭਰ ਵੰਡਾਂ,

ਚੰਗੇ ਲੋਕੀ ਹਸ-ਹਸ ਝੋਲੀਆਂ ਭਰ-ਭਰ ਲੁੱਟਣ

ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ,

ਇਕ ਇਕ 'ਬੀ' 'ਚੋਂ ਸੌ ਸੌ ਬੂਟੇ ਫੁੱਟਣ

ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ,

ਇਕ ਦੂਜੇ ਤੇ ਗੁੱਸੇ ਨਾਲ ਨਾ 'ਫੁੱਲ' ਵੀ ਸੁੱਟਣ

ਮੈਂ ਲਿਖਾਂ, ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ,

'ਸ਼ਾਲਾ' ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ

'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇਂ ਆਜ਼ਮ ਜਾਗੇ,

ਦੁੱਖਾਂ, ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ

📝 ਸੋਧ ਲਈ ਭੇਜੋ