ਰਾਵਣ ਸੜ੍ਹਦਾ ਵੇਖਿਆ, ਭੁੱਬਾਂ ਮਾਰਨ ਲੱਗੇ ਸਵਾਲ।
ਕਵੀ ਦੀ ਕਲਮ ਨੇ ਕਵੀ, ਅੰਦਰ ਛੇੜ ਦਿੱਤਾ ਬਵਾਲ।
ਹਰੇਕ ਗਿਆਤਾ ਸਾੜ ਕੇ, ਖ਼ੁਸ਼ ਏਦਾਂ ਈ ਹੁੰਦੇ ਰਹੋਗੇ?
ਜੇ ਸਵਾਲ ਕਰਤੇ ਸਚਿਆਰਿਆਂ, ਕੀ ਜਵਾਬ ਦਿਉਗੇ।
ਦੱਸਣਾ ਬੁਰਿਆਈ ਤੇ ਅੱਜ, ਕੀ ਜਿੱਤ ਚੰਗਿਆਈ ਹੋ ਗਈ?
ਚਾਰ ਵੇਦਾਂ ਬਾਰੇ ਉਸਤੋਂ, ਸਿੱਖਿਆ ਵੀ ਹੈ, ਕੀ ਕੁਝ ਕੋਈ?
ਇਹ ਬਦਲਾਖੋਰੀ ਨੀਤੀਆਂ, ਯੁੱਧ ਰਾਜਿਆਂ ਦੇ ਖੇਡ ਨੇ।
ਜਿੱਤ ਹਾਰ ਦੇ ਖੇਡ ਵਿੱਚ, ਜਿੱਤ ਰਾਜੇ ਬਣੇ ਅਨੇਕ ਨੇ।
ਕੀ ਮਿਹਨਤੀ ਏਸ ਦਿਨ, ਕਮਾਈ ਸਾਂਭੀ ਵਧੀਆ ਸੋਚ ਲਈ।
ਉਡਾ ਦਿੱਤੀ ਪਟਾਕੇ ਅੱਗ ਲਾ, ਅਮੀਰਾਂ ਵੇਚ ਜੋ ਬੋਚ ਲਈ।
ਸ਼ੋਰ ਸ਼ਰਾਬੇ ਕਰਕੇ ਹੁਣ ਤੱਕ, ਅੰਬਰ ਕਾਲ਼ੇ ਕਰੀ ਜਾਂਦੇ ਓ।
ਫੇਰ ਸੈਲੰਡਰ ਸਾਹ ਲੈਣ ਲਈ, ਡਾਕਟਰਾਂ ਦੇ ਦਰ ਜਾਂਦੇ ਓ।
ਕੀ ਰਾਮ, ਰਾਵਣ ਜਿਹੇ ਯੋਧਿਆਂ ਵਰਗੀ ਕੀਤੀ ਆਪਣੀ ਬੁੱਧ।
ਕੀ ਭੈਣਾਂ ਤੀਵੀਂਆਂ ਇੱਜ਼ਤ ਲਈ, ਲੜ੍ਹਨਾ ਸੋਚਿਆ ਕੋਈ ਯੁੱਧ।
ਆਪਾਂ ਤਾਂ ਕੁੱਖਾਂ ਵਿੱਚ ਯੁੱਧ ਲੜੇ, ਬਾਲੜੀਆਂ ਕਰ ਕਤਲ।
ਵੇਖ ਲਉ ਯੋਧੇ ਸਾਡੇ ਕੁਤਰਦੇ, ਵੇਖਣ ਕਦੇ ਨਾ ਧੀ ਸ਼ਕਲ।
ਰਾਵਣ ਦੇ ਵੀਰ ਨੇ ਵੀਰ ਹੱਥ ਛੱਡਿਆ, ਤਾਂ ਰਾਵਣ ਮਰ ਗਿਆ।
ਰਾਮ ਦੇ ਵੀਰ ਦਾ ਹੱਥ ਵਿੱਚ ਹੱਥ ਸੀ, ਤਾਂ ਰਾਵਣ ਹਾਰ ਗਿਆ।
ਘਰ ਅੱਜ ਤੱਕ ਜਿੰਨੇ ਵੀ ਟੁੱਟੇ, ਆਪਣਿਆਂ ਤੁੜਵਾਏ।
ਐਵੇਂ ਨਹੀਂ ਬਣੀ ਕਹਾਵਤ, ਘਰ ਦਾ ਭੇਤੀ ਲੰਕਾ ਢਾਵੇ।
ਅਸੀਂ ਵੀ ਭੇਦ ਦਿੱਤੇ ਦਾਈਆਂ, ਸਮਝ ਕੁੱਖ ਦੀਆਂ ਮਾਈਆਂ।
ਜਿੰਨਾਂ ਕੁੱਖੀਂ ਕਤਲ ਕਰਾਏ, ਅੱਜ ਜੱਜ ਬਣਨਾ ਸੀ ਜਾਈਆਂ।
ਸਰਬ ਜਿੰਨਾਂ ਨੇ ਜੰਮੀਆਂ ਧੀਆਂ, ਹੱਥ ਦਿੱਤੀ ਖ਼੍ਰੀਦ ਕਿਤਾਬ।
ਤਿਨ੍ਹਾਂ ਘਰਾਂ ਦੀਆਂ ਪੱਕੀਆਂ ਨੀਂਹਾਂ, ਕੀਤੀਆਂ ਸਤਿ ਕਰਤਾਰ।