ਰਾਵ੍ਹਾਂ, ਛਾਵਾਂ ਤੇ ’ਵਾਵਾਂ ਨੂੰ ਮਿਲ ਲਈਏ।
ਲੈਣ ਜੁ ਤੇਰਾ ‘ਨਾਮ’ ਥਾਵਾਂ ਨੂੰ ਮਿਲ ਲਈਏ।
ਇਹ ਸਭ ਤੇਰੇ ‘ਸ਼ਬਦਾਂ’ ਵਰਗੇ ਲੱਗਦੇ ਨੇ,
ਨਦੀਆਂ, ਝਰਨੇ, ਦਰਿਆਵਾਂ ਨੂੰ ਮਿਲ ਲਈਏ।
ਅੰਨ੍ਹੇ ਖੂਹ ਵਿਚ ਜਿਹੜੇ ਡੁੱਬ ਡੁੱਬ ਮੋਏ ਨੇ,
ਅਰਮਾਨਾਂ, ਸੱਧਰਾਂ ਚਾਵਾਂ ਨੂੰ ਮਿਲ ਲਈਏ।
ਖ਼ਬਰ ਨਹੀਂ ਫਿਰ ਕਿਹੜੀ ਦਿਸ਼ਾ ਨੂੰ ਜਾਣਾ ਹੈ,
ਭੈਣ-ਭਰਾਵਾਂ ਤੇ ਮਾਵਾਂ ਨੂੰ ਮਿਲ ਲਈਏ।
ਰਾਹ 'ਚ ਵਫ਼ਾ ਦੇ ਜਿਹੜੇ ਰਲ-ਮਿਲ ਖਾਧੇ ਸੀ,
ਜ਼ਖ਼ਮਾਂ, ਸੱਟਾਂ ਤੇ ਘਾਵਾਂ ਨੂੰ ਮਿਲ ਲਈਏ।
ਜਿੰਨ੍ਹਾਂ ਸਾਥੋਂ ਚੂਰੀ ਖੋਹੀ ਖ਼ਵਾਬਾਂ ਦੀ,
ਗਿਰਗਿਟ, ਬਗਲੇ ਤੇ ਕਾਵਾਂ ਨੂੰ ਮਿਲ ਲਈਏ।
ਦਰਦ ਪਰਾਏ ਖ਼ਾਤਰ ਭਰਦੇ ਰਹੇ ਹਾਂ ਜੋ,
ਹੌਕੇ, ਹੰਝੂ ਤੇ ਹਾਵਾਂ ਨੂੰ ਮਿਲ ਲਈਏ ।
ਖਾ, ਖਾ ਕੇ ‘ਸਲਫ਼ਾਸ’ ਵੀ ਕਰਜ਼ਾ ਲੱਥਾ ਨਾ,
ਹੁਣ ਕੁਝ ਬੈਂਕਾਂ ਤੇ ਸ਼ਾਹਵਾਂ ਨੂੰ ਮਿਲ ਲਈਏ।