ਰੀਝ ਦੀ ਪੂਣੀ ਆਸ ਦੇ ਚਰਖ਼ੇ ਕੱਤੇ ਖ਼ਾਬ ।
ਪੀਲੀਆਂ ਰੁੱਤਾਂ ਦੇ ਵਿਚ ਰੱਤੇ ਰੱਤੇ ਖ਼ਾਬ ।
ਵਿਛੜਣ ਵੇਲੇ ਡੱਕ ਨਾ ਹੋਏ ਅੱਖਾਂ ਤੋਂ,
ਕੋਸੇ ਕੋਸੇ ਹੰਝੂ ਤੱਤੇ ਤੱਤੇ ਖ਼ਾਬ ।
ਚਾਅ ਦੇ ਰੁੱਖ ਤੇ ਛਿੱਟ ਖਿਲਾਰੀ ਯਾਦਾਂ ਨੇ,
ਸੱਧਰਾਂ ਟਾਹਣੀ ਟਾਹਣੀ ਪੱਤੇ ਪੱਤੇ ਖ਼ਾਬ ।
ਖ਼ਾਬਾਂ ਦੇ ਰੰਗ ਰੰਗੀਆਂ ਵੰਗਾਂ ਭੰਨ ਲਈਆਂ,
ਰੀਤਾਂ ਦੀ ਅੱਗ ਸੜ ਗਏ ਸਾਵੇ ਸੱਤੇ ਖ਼ਾਬ ।
ਅੱਜ ਯਾਦਾਂ ਦੇ ਸਿਰ ਢੱਕਣ ਲਈ 'ਆਤਿਫ਼' ਨੇ,
ਅੱਖਰਾਂ ਨਾਲ ਉਸਾਰੀ ਕੀਤੀ ਛੱਤੇ ਖ਼ਾਬ ।