ਇਲਾਹੀ ਇਸ਼ਕ ਦੇ ਵਿੱਚ ਇਸ ਤਰ੍ਹਾਂ ਗੁਲਤਾਨ ਰਹਿਨਾਂ ਵਾਂ,
ਤੂੰ ਮੇਰੇ ਵਿੱਚ, ਮੈਂ ਤੇਰੇ ਵਿੱਚ ਮੇਰੇ ਭਗਵਾਨ ਰਹਿਨਾਂ ਵਾਂ।
ਤੇਰਾ ਜਦ ਜ਼ਿਕਰ ਕਰਦਾ ਵਾਂ ਤੇ ਚੁੱਪ ਹੋਵਾਂ ਨਾ ਇੱਕ ਪਲ ਲਈ,
ਜ਼ਿਕਰ ਦੁਨੀਆਂ ਦਾ ਜਦ ਚੱਲੇ ਮੈਂ ਬੇ ਜ਼ੁਬਾਨ ਰਹਿਨਾਂ ਵਾਂ।
ਜਿਵੇਂ ਦੀਵੇ ਦੇ ਬੁੱਝਦਿਆਂ ਸਾਰ ਨ੍ਹੇਰਾ ਘੇਰ ਲੈਂਦਾ ਏ,
ਤੈਨੂੰ ਭੁੱਲਦਾ ਵਾਂ ਜਿਸ ਵੇਲੇ ਉਦੋਂ ਪ੍ਰੇਸ਼ਾਨ ਰਹਿਨਾਂ ਵਾਂ।
ਤੇਰਾ ਇਹ ਨੂਰ ਮੈਂ ਤੱਕਿਆ ਏ ਬ੍ਰਹਿਮੰਡਾਂ ਤੋਂ ਵੀ ਵੱਡਾ,
ਘਟ-ਘਟ ਵਿੱਚ ਕਿਵੇਂ ਵੱਸਿਆ ਏਂ ਮੈਂ ਹੈਰਾਨ ਰਹਿਨਾਂ ਵਾਂ!
ਮੇਰੀ ਹਓਮੈਂ ਹੀ ਤੇਰੇ ਨਾਲ ਇਕਮਿਕ ਹੋਣ ਨਹੀਂ ਦਿੰਦੀ,
ਤਾਂ ਹੀ ਤੂੰ ਰੱਬ ਰਹਿਨਾਂ ਏਂ ਤੇ ਮੈਂ ਇਨਸਾਨ ਰਹਿਨਾਂ ਵਾਂ।
ਤੇਰੀ ਪਹਿਚਾਨ ਕਰ ਸਕਾਂ ਮੈਂ ਹਰ ਘੱਟ ਚੋਂ ਮੇਰੇ 'ਸਾਹਿਬ',
ਭਾਵੇਂ ਮੈਂ ਜਾਣਿਐ ਤੈਨੂੰ ਤਾਂ ਵੀ ਅਨਜਾਣ ਰਹਿਨਾਂ ਵਾਂ।