ਘਰ ਦੀ ਰੈਨੋਵੇਸ਼ਨ ਕਰਦਿਆਂ
ਢਾਹ ਦਿੱਤੀ
ਦਲਾਨ ਵਿਚਲੀ ‘ਕਾਨਸ’
ਗੁੱਛਾ-ਮੁੱਛਾ ਕਰ ਸੁੱਟਿਆ
ਮਾਂ ਦੇ ਹੱਥਾਂ ਦਾ ਕੱਢਿਆ
ਤੋਤਿਆਂ ਦੇ ਨਮੂਨੇ ਵਾਲਾ
ਕਾਨਸ ਉਤਲਾ ਕੱਪੜਾ,
ਜਿਸ ਥੱਲੇ
ਰੱਖੀਆਂ ਹੁੰਦੀਆਂ ਸੀ-
ਉਧਾਰ-ਸੁਧਾਰ ਵਾਲੀਆਂ ਪਰਚੀਆਂ
ਟੁੱਟੇ ਪੈਸੇ
ਵਰ੍ਹੇ-ਛਿਮਾਹੀ ਫ਼ੌਜ ’ਚ ਆਉਂਦੀਆਂ ਚਿੱਠੀਆਂ
ਕੱਪੜੇ 'ਤੇ ਧਾਗਾ ਪਾ ਟੰਗੀ ਹੋਈ ਕੰਧੂਈ-ਸੂਈ
ਇੱਕ ਪਾਸੇ ਪਿਤਾ ਦੀ ਪੱਗ ਦੇ ਪਿੰਨ
ਕਾਨਸ ਉੱਤੇ ਪਈਆਂ ਫੋਟੋਆਂ
ਪਸ਼ਮ ਨਾਲ ਬੁਣਿਆਂ ਘੁੱਗੀਆਂ ਦਾ ਜੌੜਾ
ਕੱਲੀ ਕਾਨਸ ਹੀ ਨਹੀਂ
ਕਿੰਨਾ ਕੁਝ ਢਹਿ ਗਿਆ
ਕਾਨਸ ਦੇ ਢਹਿਣ ਨਾਲ।