ਰੇਸ਼ਮੀ ਰਜਾਈਏ

ਰੇਸ਼ਮੀ ਰਜਾਈਏ 

ਨੀ ਅੰਮੜੀ ਦੇ ਹੱਥਾਂ ਦੀ ਜਾਈਏ

ਤੇਰੀ ਛੁਹ ਨਾਲ

ਇੰਝ ਹੋਇਆ ਕੱਲ 

ਜਿਵੇਂ ਮਾਂ ਘਰ ਪਰਤ ਆਈ ਹੋਵੇ

ਕਬਰਾਂ ਚੋਂ

ਕਿ ਮੇਰਾ ਪੁੱਤ ਘਰ ਕੱਲਾ ਭੁੱਖਾ

ਜਿਵੇਂ ਮੈਂ ਰਾਤ 

ਮਾਂ ਦੀ ਨਿੱਘੀ ਗੋਦ ਚ 

ਥਕਾਵਟ ਲਾਹੀ ਹੋਵੇ ਚਿਰਾਂ ਦੀ

ਉਨੀਂਦਰਾ ਪੂਰਾ ਕੀਤਾ ਹੋਵੇ

ਸਦੀਆਂ ਦਾ

ਤੈਨੂੰ ਓੜ

ਮੈਂ ਮਾਂ ਨੂੰ ਯਾਦ ਕੀਤਾ 

ਪ੍ਰਨਾਮ ਕੀਤਾ ਓਹਦੇ ਚਰਨਾਂ ਵਿਚ

ਏਦਾਂ ਅਹਿਸਾਸ ਹੋਇਆ

ਜਿਵੇਂ ਉਹ ਰਾਤ

ਲੋਰੀਆਂ ਦੇ ਗਈ ਹੋਵੇ

ਸੁਆ ਗਈ ਹੋਵੇ ਥਾਪੜ ਕੇ 

ਫਿਰ ਰੋਂਦੇ ਨੂੰ

ਰੇਸ਼ਮੀ ਰਜਾਈ 

ਮੇਰੀ ਮਾਂ ਵਰਗੀ

ਉਤੇ ਲਵਾਂ

ਮਮਤਾ ਦੀ ਬਾਂਹ ਵਰਗੀ

ਰਾਤ ਮੈਂ ਫਿਰ ਚੰਨ ਤੋਂ

ਬਾਤਾਂ ਸੁਣੀਆਂ

ਰਾਤ ਮੈਂ ਫਿਰ ਸੌਂ ਗਿਆ

ਹੁੰਗਾਰਾ ਦਿੰਦਾ

ਸੁਬਾਹ ਉਹ

ਮੱਕੀ ਦੇ ਚੰਨ ਪਕਾ ਕੇ ਤੁਰ ਗਈ

ਛ‌ੰਨੇ ਵਿਚ ਰੱਖ ਗਈ 

ਕੋਸਾ ਦੁੱਧ ਖੋਰ ਕੇ ਤਾਰੇ

📝 ਸੋਧ ਲਈ ਭੇਜੋ