ਰਿਸ਼ੀ ਹਾਂ ਮੈਂ

ਦੱਸਣਾ ਚਾਹੁੰਦਾ ਕਿ- 

ਰਿਸ਼ੀ ਹਾਂ ਮੈਂ ਵੀ

ਭਾਵੇਂ ਮੇਰਾ ਤਪੋਬਣ ਨਹੀਂ ਹੈ

ਨਾ ਹੀ ਭੋਰਾ ਹੈ ਕੋਈ ਤਪੱਸਿਆ ਲਈ 

ਨਾ ਹੀ ਚੋਟੀ ਕੋਈ ਕੈਲਾਸ਼ ਦੀ

ਮੇਰੇ ਹਿੱਸੇ ਦਾ ਬੋਹੜ੍ਹ ਵੀ

ਕਿਸੇ ਨੇ ਗਮਲੇ ਵਿੱਚ ਉਗਾ ਲਿਆ ਹੈ- 

ਜਿਸ ਹੇਠ ਬੈਠ

ਮੈਂ ਨਿਰਵਾਣ ਪ੍ਰਾਪਤ ਕਰਨਾ ਸੀ।

ਹੁਣ ਮੈਂ ਤਪੱਸਿਆ ਕਰਦਾ ਹਾਂ

ਅਪਣੇ ਕ-ਮੰਡਲ ਨੂੰ ਚਾਰ ਛਿੱਲੜਾਂ ਨਾਲ ਭਰਨ ਲਈ,

ਭਟਕਦਾ ਹਾਂ ਜਿੰਮੇਵਾਰੀਆਂ ਦੇ ਵਣ ਅੰਦਰ

ਮੁਕਤ ਹੋ ਜਾਣ ਲਈ।

ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਜਦੋਂ

ਤਾਂ ਧਿਆਨ ਕੇਂਦਰ ਵਿੱਚ

ਹਾਕਰ ਦੀ ਪੈੜ-ਚਾਲ ਵੜਦੀ ਹੈ,

ਜਾਣਦਿਆਂ ਹੋਇਆ ਵੀ ਕਿ

ਅਖ਼ਬਾਰ ਦੇ ਮੱਥੇ ’ਤੇ

ਸਿਰਫ਼ ਦਿਨ ਤੇ ਤਾਰੀਖ ਬਦਲੀ ਹੋਏਗੀ

ਉਡੀਕਦਾ ਹਾਂ ਹਰ ਰੋਜ਼

ਦਫ਼ਤਰ ਦੀਆਂ ਪੌੜੀਆਂ ਚੜ੍ਹਦਿਆਂ 

ਸ਼ਾਹ ਤੇਜ਼ ਹੋ ਜਾਂਦੇ ਨੇ 

ਮਸਾਂ ਕੁਰਸੀ ਤੱਕ ਪਹੁੰਚਦਾ

ਸਾਹ ਸੂਤ ਕਰਨ ਦੀ ਕੋਸ਼ਿਸ਼ ਕਰਦਾਂ 

ਪਰ ਘਬਰਾ ਜਾਂਦਾ ਹਾਂ

ਜਦੋਂ ਮੈਨੂੰ ਦਫ਼ਤਰ ਦੀ ਕੁਰਸੀ ਵਿੱਚੋਂ – 

ਪਿੰਡ ਵਾਲੀ ਟਾਹਲੀ ਦੀ ਗੰਧ ਆਉਂਦੀ । 

ਬਾਹਰ ਵੱਲ ਭੱਜਣ ਦੀ ਕੋਸ਼ਿਸ਼ ਕਰਦਾ ਹਾਂ 

ਪਰ ਫਿਰ ਤਣ ਜਾਂਦਾ ਕੁਰਸੀ 'ਤੇ 

ਜਿਵੇਂ ਤਣੇ ਬੈਠੇ ਹੁੰਦੇ ਨੇ -ਤਪੱਸਵੀ 

ਬੁੜਬੁੜਾਉਂਦਾ ਹਾਂ - ਰਿਸ਼ੀ ਹਾਂ ਮੈਂ 

ਮੈਂ ਵੀ ਰਿਸ਼ੀ ਹਾਂ -1

📝 ਸੋਧ ਲਈ ਭੇਜੋ