ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ

ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ

ਚੁੱਪ-ਚੁਪੀਤੇ ਅੱਖੀਆਂ ਰੋਣ ਤੇ ਕੀ ਕਰੀਏ

ਜਿਹੜੇ ਬਾਹਰੋਂ ਆਉਣ ਲੁਟੇਰੇ ਡੱਕ ਲਈਏ,

ਜੇ ਕਰ ਆਪਣੇ ਉੱਠ ਖਲੋਣ ਤੇ ਕੀ ਕਰੀਏ

ਕੱਜ ਅਦਾਵਾਂ ਸਾਡੇ ਸੋਹਣੇ ਯਾਰ ਦੀਆਂ,

ਜੁੱਸਾ ਨੇਜੇ ਵਿਚ ਪਰੋਣ ਤੇ ਕੀ ਕਰੀਏ

ਸਾਡਾ ਦਿਲ ਵੀ ਕਰਦਾ ਹੱਸਣ ਖੇਡਣ ਨੂੰ,

ਦੁਖ ਦੁਨੀਆਂ ਦੇ ਰੂਹ ਨੂੰ ਕੋਹਣ ਤੇ ਕੀ ਕਰੀਏ

ਰਹਿੰਦੀ ਸੱਜਣਾ ਨੂੰ ਮਿਲਣ ਦੀ ਤਾਂਘ'ਰਹੀਲ',

ਵੈਰੀ ਅੱਗੇ ਪਿੱਛੇ ਹੋਣ ਤੇ ਕੀ ਕਰੀਏ

📝 ਸੋਧ ਲਈ ਭੇਜੋ