ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ

ਰੋਜ਼ ਹੀ ਸਹਿਜੇ ਜਹੇ ਉੱਗ ਆਉਂਦੀ ਹੈ

ਪੱਤਝੜ ਦੀ ਸੰਘਣੀ ਧੁੱਪ,

ਚੁੱਲ੍ਹਿਆਂ ਦਾ ਧੂੰਆਂ ਕੋਠਿਆਂ ਤੇ ਇਕ ਸਹੀ ਨਕਸ਼ਾ ਬਣਾਉਂਦਾ ਹੈ

ਮਨੁੱਖ ਅੰਦਰਲੇ ਦੇਸ਼ ਦਾ

ਜਿਦ੍ਹੇ ਤੋਂ ਸੱਚੀਂ ਮੁੱਚੀਂ ਕੁਝ ਵੀ ਕੁਰਬਾਨ ਹੋ ਸਕਦਾ ਹੈ।

ਰੋਜ਼ ਹੀ ਸਹਿਜੇ ਜਹੇ ਕੰਮ ਛਣਕ ਉੱਠਦੇ ਹਨ

ਤੇ ਸਾਰੀ ਧਰਤੀ ਕੰਨ ਬਣ ਜਾਂਦੀ ਹੈ

ਉਸ ਕੁਆਰੀ ਵਾਂਗ

ਜੋ ਮੁੰਦ ਕੇ ਅਸਮਾਨ ਵਰਗੇ ਨੈਣ

ਸੁਣਦੀ ਹੈ

ਪਹਿਲੀ ਮਾਹਵਾਰੀ ਦਾ ਦਰਦ ਸਹਿਜੇ ਸਹਿਜੇ ਟਪਕਣਾ

ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਪੌਣਾਂ ਵਿਚ ਵਾਹੁੰਦੀ ਤੁਰੀ ਜਾਂਦੀ ਹੈ

ਇਤਿਹਾਸ ਵਰਗੀ ਵਿੰਗ ਤੜਿੰਗੀ ਲੀਕ

ਸੁਆਣੀਆਂ ਦੇ ਸਿਰਾਂ ਤੇ ਅਡੋਲ-ਭੱਤੇ ਵਾਲੀ ਟੋਕਰੀ,

ਰੋਜ਼ ਹੀ ਬਲਦਾਂ ਦਿਆਂ ਬੂਟਾਂ 'ਚ ਤਰਦਾ ਹੈ

ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਿਆ ਸਵਾਦ

ਜਿਵੇਂ ਬੀਮਾਰੀ ਨਾਲ ਮਰੀ ਹੋਈ

ਪਾਲਤੂ ਕੁਕੜੀ ਦੀ ਦਾਲ ਸੰਘ 'ਚ ਫਸਦੀ ਹੈ,

ਰੋਜ਼ ਹੀ ਕੁੱਤਿਆਂ ਦੀਆਂ ਅੱਖਾਂ 'ਚ ਮਰ ਜਾਂਦੀ ਹੈ ਆਸ

ਰੋਜ਼ ਹੀ ਇਕੋ ਸਮੇਂ ਉੱਠਦਾ ਹੈ

ਕਿਰਸਾਨ ਦੇ ਕੁੱਤੇ ਦੇ ਢਿੱਡ ਵਿਚ

ਅੰਤਲੀ ਬੁਰਕੀ ਦਾ ਝੋਰਾ,

ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ ਦੱਬ ਦੇਂਦੀਆਂ ਧੀਆਂ ਧਿਆਂਣੀਆਂ

ਗਿੱਲੇ ਗੋਹੇ ਵਿਚ

ਕੱਚੀ ਕੁਆਰੀ ਜ਼ਿੰਦਗੀ ਦੀ ਅੱਗ,

ਘੁਮਿਆਰ ਦਾ ਚੱਕ ਰੋਜ਼ ਹੀ ਮਿੱਟੀ 'ਚੋਂ ਫੜਦਾ ਹੈ

ਜ਼ਿੰਦਗੀ ਦੀ ਝਨਾਂ ਅੰਦਰ ਰੁੜ੍ਹ ਗਈ ਸੋਹਣੀ ਦੇ ਨਕਸ਼,

ਰੋਜ਼ ਹੀ ਜੂੰਆਂ ਨੂੰ ਕੋਸਦੇ ਬੁੜ੍ਹੇ

ਵਿੱਚੇ ਹੀ ਭੁੱਲ ਜਾਂਦੇ ਸੁਖਮਣੀ ਸਾਹਿਬ ਦੀ ਪੌੜੀ,

ਰੋਜ਼ ਹੀ ਰਹਿ ਰਹਿ ਕੇ ਥੁੱਕਦੀ ਰਹੀ

ਨਾਈ ਤੋਂ ਲੱਤਾਂ ਮਨਾਉਣ ਛੜਿਆਂ ਦੀ ਗੰਦੀ ਜ਼ੁਬਾਨ

ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ

ਮੈਨੂੰ ਸਾਰਾ ਕੁੱਝ ਭੁੰਨੇ ਹੋਏ ਕਬਾਬ ਵਰਗਾ ਲੱਗਦਾ ਹੈ

ਜੋ ਮੇਜ਼ਾਂ ਉੱਤੇ ਹੁਣੇ ਹੀ ਪਰੋਸਿਆ ਜਾਵੇਗਾ

ਕੁਰਸੀ ਦੇ ਖਾਣ ਲਈ-

📝 ਸੋਧ ਲਈ ਭੇਜੋ