ਰੋਂਦਾ ਰਹਿ ਹੁਣ

ਰੋਂਦਾ ਰਹਿ ਹੁਣ

ਕੇਰਦਾ ਰਹਿ ਵੈਰਾਗੇ ਅੱਥਰੂ

ਰਾਤ ਦਿਨ ਭੁੱਖਾ ਪਿਆਸਾ

ਕਿਸੇ ਵੀ ਪੰਛੀ ਨੇ

ਇਕ ਦਾਣਾ ਵੀ ਨਹੀਂ ਕੇ

ਰੱਖਣਾ ਤੇਰੇ ਸੁੱਕੇ ਬੁੱਲਾਂ 'ਤੇ

ਉੱਡ ਗਏ ਨੇ ਉਹ

ਜਿਹੜੇ ਵਾਅਦੇ ਸਰ੍ਹਾਣੇ ਰੱਖ ਕੇ

ਚਲੇ ਗਏ ਸਨ ਸੁਰੱਖਿਆ ਭਾਲਣ

ਤੇਰੇ ਤੋਂ ਹੁਣ ਡਰਦੇ ਨੇ

ਆਉਣਗੇ ਉਹ

ਜਦ ਤੇਰੀਆਂ ਭੁੱਖੀਆਂ ਆਂਦਰਾਂ 'ਚ

ਦੋ ਚਾਰ ਆਖਰੀ ਸਾਹ ਬਚੇ

ਨੋਟ ਦੇਣ ਵੋਟ ਲੈਣ

ਜਾਂ ਤੇਰੀ ਲਾਸ਼ 'ਤੇ ਫੁੱਲ ਭੇਂਟ ਕਰਨ

ਓਦਣ ਲੈ ਲਵੀਂ ਲੋਕਤੰਤਰ ਦਾ ਅਗਲਾ ਸੁਪਨਾ

ਗਰਾਹੀ ਤੋੜ ਲਵੀਂ ਆਜ਼ਾਦੀ ਨਾਲੋਂ

ਨੱਚ ਲਵੀਂ ਘੜੀ ਪਲ

ਅੱਛੇ ਦਿਨ ਪਹਿਨ ਕੇ

ਗੀਤ ਗਾ ਲਵੀਂ ਤਿਰੰਗਾ ਉੱਚਾ ਲਹਿਰਾ ਕੇ

ਖ਼ਾਤੇ 'ਚੋਂ ਕਢਾ ਲਵੀਂ

ਪੰਦਰਾਂ ਲੱਖ 'ਚੋਂ ਥੋੜ੍ਹੇ ਬਹੁਤ ਜ਼ਖ਼ਮਾਂ ਲਈ

ਜਾਂ ਢਕ ਲਵੀਂ ਨੰਗਾ ਤਨ

ਦਸ ਲੱਖ ਦੇ ਸੂਟ ਦੇ ਸੁਫ਼ਨੇ ਨਾਲ

ਲੈ ਉਹ ਫਿਰ ਆਉਣ ਵਾਲੇ ਨੇ

ਗੋਡਿਆਂ ਨੂੰ ਛੂਹਣ

ਤੇਰੀਆਂ ਰੀਝਾਂ ਨੂੰ ਲੂਹਣ

ਬਚੇ ਕੁਝ ਰਹਿੰਦੇ ਹੰਝੂ ਖ੍ਹੋਣ

ਦਰਾਂ ਤੇ ਇਕ ਪਲ ਹਮਦਰਦੀ ਚੋਣ

ਬਾਹਰ ਬੈਠ ਮੰਜਾ ਵਿਛਾ ਕੇ

ਨੇੜੇ ਖਾਲੀ ਇਕ ਕੁਰਸੀ ਡਾਹ ਕੇ

📝 ਸੋਧ ਲਈ ਭੇਜੋ