ਰੋਣੇ ਧੋਣੇ ਨਾਲ ਲਈ ਇਕ

ਰੋਣੇ ਧੋਣੇ ਨਾਲ ਲਈ ਇਕ ਤੋਂ ਬਾਅਦ ਇਕ ਆਏ ਦਿਨ । 

ਰਬ ਨੇ ਕਿਦਾਂ ਆਸ਼ਿਕ ਤੋਂ ਮੀਂਹ ਵਾਂਗੂ ਬਰਸਾਏ ਦਿਨ

ਤੇਰੇ ਨਾਲ ਗਏ ਜਿਹੜੇ ਮੁੜਕੇ ਨਾ ਉਹ ਆਏ ਦਿਨ। 

ਸਾਨੂੰ ਫਿਰ ਕਦ ਦੇਵੇਂਗਾ ਅਪਣੇ ਨਾਲ ਵਿਹਾਏ ਦਿਨ

ਰਾਤ ਦਾ ਸੁਪਨਾ ਦਿਨ ਵੇਲੇ ਸੁਪਨਾ ਹੀ ਰਹਿ ਜਾਂਦਾ ਹੈ 

ਬੱਲੇ ਬੱਲੇ ਬੱਲੇ ਰਾਤ ਹਾਏ ਹਾਏ ਹਾਏ ਦਿਨ

ਸੁਪਨੇ ਤੇਰੇ ਆਉਂਦੇ ਨੇ ਰਾਤ ਤਾਂ ਜੀਵਨ ਦੇਂਦੀ ਹੈ 

ਐਪਰ ਤੇਰੇ ਬਿਨ ਸਜਨਾ ਮੈਨੂੰ ਮੌਤ ਵਿਖਾਏ ਦਿਨ

ਮੈਂ ਉਹ ਕਿਸਮਤ ਵਾਲਾ ਹਾਂ ਜਿਸ ਤੇ ਰਬ ਦੀ ਰਹਿਮਤ ਹੈ 

ਬਖਸ਼ੇ ਨੇ ਉਸ ਮੈਨੂੰ ਸਭ ਮੁਰਝਾਏ ਮੁਰਝਾਏ ਦਿਨ

ਰਾਤ ਵਿਛੋੜੇ ਦੀ ਲੰਮੀ ਪਰਬਤ ਜੇਡਾ ਦਿਨ ਗ਼ਮ ਦਾ 

ਰਾਤਾਂ ਆਈਆਂ ਦਿਨ ਬਣਕੇ ਰਾਤਾਂ ਵਰਗੇ ਆਏ ਦਿਨ।

ਚੰਨਾ ਤੇਰੇ ਫੇਰੇ ਇਹ ਸੁਦੀਆਂ ਬਦੀਆਂ ਘੜਦੇ ਨੇ 

ਤੂੰ ਜਾਵੇਂ ਤਾਂ ਰਾਤ ਪਏ ਤੂੰ ਆਏਂ ਤਾਂ ਆਏ ਦਿਨ

ਉਮਰ ਵਡੇਰੀ ਹੁੰਦੀ ਹੈ ਜੀਵਨ ਘਟਦਾ ਜਾਂਦਾ ਹੈ 

ਜਿੱਦਾਂ ਟਿੰਡਾਂ ਹਲਟ ਦੀਆਂ ਰਾਤ ਆਏ ਤੇ ਜਾਏ ਦਿਨ।

ਫਲ ਤਾਂ ਲਗਦੈ ਉਲਫ਼ਤ ਨੂੰ, ਹਾਂ, ਪਰ ਸਬਰ ਜ਼ਰੂਰੀ ਹੈ 

ਏਸੇ ਖ਼ਾਤਿਰ ਕੁਦਰਤ ਨੇ ਰਾਤਾਂ ਪਿੱਛੇ ਲਾਏ ਦਿਨ

ਫੇਰ ਉਨ੍ਹਾਂ ਦੇ ਚਿਹਰੇ ਤੇ ਤਿਉੜੀ ਦੇਖੀ ‘ਹਮਦਰਦਾ' 

ਫੇਰ ਦਿਨਾਂ ਦਾ ਆਇਆ ਫੇਰ ਫੇਰ ਕਸੂਤੇ ਆਏ ਦਿਨ।

📝 ਸੋਧ ਲਈ ਭੇਜੋ