ਰੂਹੇ ਨੀ ਰੂਹੇ

ਰੂਹੇ ਨੀ, ਰੂਹੇ! 

ਜਿਸ ਗੁੱਠੇ ਸਾਡਾ ਸੰਗੀ ਵਸਦਾ 

ਜਾ ਵਸੀਏ ਉਸ ਜੂਹੇ 

ਰੂਹੇ ਨੀ, ਰੂਹੇ! 

ਛੱਡ ਕੇ ਆਪਣੀ ਮੈਂ ਦਾ ਕਲਮਾ 

ਸੀ ਲਿਆ ਪਾਟਾ ਹੋਇਆ ਗਲਮਾ 

ਅੱਖੀਆਂ ਭੀੜ ਕੇ ਅੰਦਰ ਵੱਲੇ 

ਖੋਲ੍ਹੇ ਦਿਲ ਦੇ ਬੂਹੇ 

ਰੂਹੇ, ਨੀ ਰੂਹੇ! 

ਹੱਡੀਂ ਸੇਕ ਅਵੱਲਾ ਰਚਿਆ 

ਨਾੜੀਂ ਇਸ਼ਕ ਦਾ ਭਾਂਬੜ ਮੱਚਿਆ 

ਅੰਦਰ ਸਾੜ ਸਵਾਹ ਕੀਤਾ ਏ 

ਅਸਾਂ ਕੱਲੇ ਹੱਥ ਨਈਂ ਲੂਹੇ 

ਰੂਹੇ, ਨੀ ਰੂਹੇ! 

ਲੱਖ ਭਾਵੇਂ ਅਸਾਂ ਪੁੰਗਰੇ ਦਿਸਦੇ 

ਦੁੱਖ ਰੱਤੜੇ ਬਣ ਹੰਝੂ ਰਿਸਦੇ 

ਸਾਨੂੰ ਫੱਬਦੇ ਕਾਲੇ ਬਾਣੇ 

ਸਾਡੇ ਤਨ ਸਾਵੇ, ਮਨ ਸੂਹੇ 

ਰੂਹੇ, ਨੀ ਰੂਹੇ! 

📝 ਸੋਧ ਲਈ ਭੇਜੋ