ਰੂਪ ਤੇ ਖਿੱਲਰੇ ਵਾਲ਼ ਈ ਸੋਹਣੇ ਲੱਗਦੇ ਨੇ
ਚੰਨ ਬੱਦਲਾਂ ਦੇ ਨਾਲ਼ ਈ ਸੋਹਣੇ ਲੱਗਦੇ ਨੇ
ਸਾਵੀ ਚੁੰਨੀ ਵਿਚ ਜਾਂ ਹਰੀਆਂ ਸ਼ਾਖਾਂ ਤੇ
ਫੁੱਲ ਤੇ ਬੁੱਲ੍ਹ ਵੀ ਲਾਲ ਈ ਸੋਹਣੇ ਲੱਗਦੇ ਨੇ
ਮੁਰਦੇ ਖਾਣਾ ਕੰਮ ਹੁੰਦਾ ਏ ਗਿਰਝਾਂ ਦਾ
ਹੰਸਾਂ ਅੱਗੇ ਲਾਲ ਈ ਸੋਹਣੇ ਲੱਗਦੇ ਨੇ
ਗ਼ਜ਼ਲਾਂ ਦੇ ਵਿਚ ਪੰਛੀ ਸੋਲ੍ਹ ਖਿਆਲਾਂ ਦੇ
ਫਿਰਦੇ ਪਾਲ਼ੋ ਪਾਲ਼ ਈ ਸੋਹਣੇ ਲੱਗਦੇ ਨੇ
ਇਕੋ ਜਿਹੇ ਵੀ ਹੋਵਣ ਫਿਰ ਵੀ ਮਾਵਾਂ ਨੂੰ
ਆਪਣੇ ਆਪਣੇ ਬਾਲ ਈ ਸੋਹਣੇ ਲੱਗਦੇ ਨੇ
ਜ਼ਿੰਦਗੀ ਵਿਚੋਂ ਲੰਘਣ ਜੋ ਸੰਗ ਸੱਜਣਾ ਦੇ
ਉਹੀਓ ਇੱਕ ਦੋ ਸਾਲ ਈ ਸੋਹਣੇ ਲੱਗਦੇ ਨੇ
ਸੱਜਣਾ ਅੱਗੇ ‘ਸੰਧੂ’ ਪਿਆਰ ਸ਼ਰੀਣੀ ਦੇ
ਭਰ ਭਰ ਰੱਖੇ ਥਾਲ ਈ ਸੋਹਣੇ ਲੱਗਦੇ ਨੇ