ਭੁੱਖਾਂ-ਤ੍ਰੇਹਾਂ ਤਿਆਗ ਕੇ
ਸੱਪਾਂ ਸਿਰੀਆਂ ਮਿੱਧ ਕੇ।
ਵਾਹ ਕੇ ਭੌਂ ਕਿਸਾਨ ਵੀਰ
ਛੱਟਾ ਦੇ ਕਣਕ ਬੀਜਦੇ ਆ।
ਧੁੱਪਾਂ, ਮੀਹਾਂ, ਹਨੇਰੀਆਂ
ਨਾਲ਼ ਪੈਂਦਾ ਇਹਨਾਂ ਵਾਹ।
ਫਿਰ ਸਿੱਟੇ ਸੋਨੇ ਰੰਗੇ 'ਚੋਂ
ਕਣਕ ਨਿਕਲਦੀ ਆ।
ਕਣਕ ਦੇ ਦਾਣੇ ਛੱਟ ਕੇ
ਤੂੰ ਚੱਕੀ ਪੁੜ ਵਿੱਚ ਪਾ।
ਦੋਵੇਂ ਹੱਥੀਂ ਡੰਡਾ ਫੜ ਕੇ
ਉਹਨੂੰ ਗੋਲ਼ ਗੋਲ਼ ਘੁਮਾ।
ਪੀਸ ਦੇਣੇ ਉਸ ਆਪ ਹੀ
ਦਾਣੇ ਮੁੱਠੀ ਭਰ-ਭਰ ਪਾ।
ਅਹੁ ਵੇਖ ਆਟਾ ਪੀਸਦਾ
’ਕੱਠਾ ਕਰ ਚੁੱਕ ਪਰਾਤੇ ਪਾ।
ਪਾ ਸੁੱਚਾ ਪਾਣੀ ਘੜੇ ’ਚੋਂ
ਗੁੰਨ੍ਹ ਗੁੰਨ੍ਹ ਕੇ ਤਾਉਣ ਲਾ।
ਅੱਗ ਬਾਲ਼, ਤਵਾ ਰੱਖ ਚੁੱਲ੍ਹੇ
ਲਾਗੇ ਚਕਲਾ ਵੇਲਣਾ ਲਿਆ।
ਗੋਲ਼ ਪੇੜੇ ਕਰ ਪਿਆਰ ਨਾਲ਼
ਪੇੜੇ ਕਰ-ਕਰ ਚੁੰਡੀ ਜਾ।
ਗੋਲ਼ ਘੁਮਾ ਨਾਲ਼ ਵੇਲਣੇ
ਧੂੜਾ ਨਾ ਬਹੁਤਾ ਲਾਹ।
ਵਿਲ ਗਈ, ਚੁੱਕ ਹੱਥ ਧਰ
ਥਾਪੜ ਕੇ ਚੌੜੀ ਕਰ ਲਾ।
ਹੁਣ ਤਵੇ ਦੇ ਉੱਤੇ ਪਾ ਦੇ
ਹਲਕੀ ਅੱਗੇ ਸੇਕੀ ਜਾ।
ਪਾਸਾ ਇਹਦਾ ਪਲਟ ਦੇ
ਫੁੱਲ ਗਈ ਤਾਂ ਥੱਲੇ ਲਾਅ।
ਇਹਨੂੰ ਪੋਣੇ ਵਿੱਚ ਵਲ੍ਹੇਟ ਕੇ
ਚੰਗੇਰ ’ਚ ਰੱਖੀ ਜਾ।
ਰੁੱਖੀ-ਸੁੱਖੀ ਜਾਂ ਮਿਲ਼ੇ ਚੋਪੜੀ
ਨਾਮ ਓਹਦਾ ਲੈ ਤੇ ਖਾ।
ਖਾ ਪਾਣੀ ਤੂੰ ਭਿਓਂ-ਭਿਓਂ
ਜਾਂ ਸੁੱਕੀ ਚੱਬ-ਚੱਬ ਖਾਹ।
ਲੂਣ ਭੁੱਕ ਜਾਂ ਅਚਾਰ ਰੱਖ
ਮਾਰ-ਮਾਰ ਪਚਾਕੇ ਖਾ।
ਦਿੱਤੀਆਂ ਰੁੱਖੀਆਂ-ਮਿੱਸੀਆਂ
ਵਾਹ ਆਖਕੇ ਛਕਦਾ ਜਾਹ
ਰੋਟੀ ਨਾਲ਼ ਪਿਆਰ ਪਕਾਵਣੀ
ਧੀਆਂ ਪੁੱਤਾਂ ਤਾਂਈ ਸਮਝਾ।
ਇਹ ਨਿਆਮਤ ਕੁਦਰਤ ਬਖ਼ਸ਼ੀ
ਸਰਬ ਤੂੰ ਓਸ ਦਾ ਨਾਮ ਧਿਆ।