ਰੋਜ਼ ਰਾਤ ਨੂੰ

ਰੋਜ਼ ਰਾਤ ਨੂੰ ਸੁਪਨੇ ਆਉਂਦੇ

ਅਤਿ ਭਿਆਨਕ ਅਤਿ ਡਰਾਉਣੇ

ਵੇਂਹਦਾ ਵੇਂਹਦਾ

ਨੀਂਦਰ ਦੇ ਵਿੱਚ

ਡਰ ਉਠਦਾ ਹਾਂ

ਤ੍ਰਹਿ ਜਾਂਦਾ ਹਾਂ

 

ਰੋਜ਼ ਰਾਤ ਨੂੰ

ਸੁਪਨੇ ਦੇ ਵਿੱਚ

ਤਿੱਖਿਆਂ ਤਿੱਖਿਆਂ ਦੰਦਾਂ ਵਾਲੇ

ਕੁੱਤੇ ਭੌਂਕਣ

ਵੱਢਣ ਆਉਂਦੇ

ਪਿੱਛੇ ਪੈਂਦੇ

ਭੱਜਦਾ ਭੱਜਦਾ ਹਫ਼ ਜਾਂਦਾ ਹਾਂ

ਡਰ ਜਾਂਦਾ ਹਾਂ

 

ਲਪਕਦੀਆਂ ਜਿਹੀਆਂ ਜੀਭਾਂ ਲੈ ਕੇ

ਡੱਬ ਖੜੱਬੇ ਨਾਗ ਫੁੰਕਾਰਨ

ਕੌਡੀਆਂ ਵਾਲੇ ਸੱਪ ਡਰਾਉਣੇ

ਫ਼ਨ ਖਿਲਾਰਨ

ਇੱਕ ਦਮ ਬਹੁਤ ਹੀ ਸ਼ਹਿ ਜਾਂਦਾ ਹਾਂ

ਨੁੱਕਰੇ ਡਰ ਕੇ ਬਹਿ ਜਾਂਦਾ ਹਾਂ

 

ਕਦੇ ਕਦੇ ਇਹ ਕਾਲੇ ਕੁੱਤੇ

ਝਬਰੇ ਵਾਲਾਂ ਵਾਲੇ ਕੁੱਤੇ

ਬੰਦਿਆਂ ਵਿੱਚ ਤਬਦੀਲ ਨੇ ਹੁੰਦੇ 

ਕੌਡੀਆਂ ਵਾਲੇ ਨਾਗ ਭਿਆਨਕ

ਫ਼ਨ ਖਿਲਾਰੀ

ਬੰਦਿਆਂ ਦੇ ਵਿਚ ਵਟਣ ਨੇ ਲੱਗਦੇ

ਜਦ ਵੇਂਹਦਾ ਹਾਂ

ਸੰੁਨ ਹੋ ਜਾਵਾਂ

ਏਹਨਾਂ ਨੂੰ ਮੰਨਦਾ ਰਿਹਾ ਮੈਂ

ਕਿੰਨਾ ਚਿਰ ਆਪਣਾ ਪਰਛਾਵਾਂ

 

ਰੋਜ਼ ਰਾਤ ਨੂੰ

ਬੜੇ ਭਿਆਨਕ

ਬੜੇ ਡਰਾਉਣੇ ਸੁਪਨੇ ਆਉਂਦੇ

 

ਸੌਣ ਦੇ ਵੇਲੇ

ਰੋਜ਼ ਹੀ ਪਰ

ਜੀਅ ਲਲਚਾਵੇ

 

ਕਿ ਏਸ ਭਿਆਨਕ ਜੰਗਲ ਦੇ ਵਿੱਚ

ਕਦੇ ਤੇਰਾ ਇੱਕ ਸੁਪਨਾ ਆਵੇ

 

ਤੇਰਾ ਸੁਪਨਾ ਰੋਜ਼ ਉਡੀਕਾਂ

ਤੇਰਾ ਸੁਪਨ ਕਦੇ ਨਾ ਆਵੇ...।

📝 ਸੋਧ ਲਈ ਭੇਜੋ