ਚੁਗ਼ਲੀ ਦੇ ਸਮੁੰਦਰ ਤਾਰੀ ਤਰਦੀ । 

ਜੀਭ ਉਸਦੀ ਹਮੇਸ਼ਾ ਹੈ ਜੁਗਾਲੀ ਕਰਦੀ । 

‘ਹਮਦਰਦ' ਨਹੀਂ ਮੂੰਹ ਦਾ ਉਹ ਸੁੱਚਾ ਬੰਦਾ 

ਦੂਤੀ ਹੈ ਨਿਰੀ ਜੂਠ ਜ਼ਮਾਨੇ ਭਰਦੀ।

ਇਕ ਵਾਰ ਤੇ ਨੀਅਤ ਮੇਰੀ ਭਰਦੇ ਭਰਦੇ । 

ਸਾਕ਼ੀ ਕਦੇ ਅਹਿਸਾਨ ਇਹ ਕਰਦੇ ਕਰਦੇ। 

ਪੀ ਲੈਂਦੇ ਨੇ ਜਦ ਵੀ ਤੇਰੇ ਨੈਣਾਂ ਦੀ ਸ਼ਰਾਬ 

ਜੀ ਪੈਂਦੇ ਨੇ ਪਿਆਸੇ ਕਈ ਮਰਦੇ ਮਰਦੇ

ਪੂਰਾ ਮਿਰੇ ਜੀਵਣ ਦਾ ਨਿਸ਼ਾਨਾ ਹੁੰਦਾ । 

ਖੁਸ਼ੀਆਂ ਦਾ ਮਿਰੇ ਪਾਸ ਖ਼ਜ਼ਾਨਾ ਹੁੰਦਾ। 

ਇਕ ਤੂੰ ਜੇ ਮਿਰਾ ਸਾਥ ਨਿਭੌਦੋਂ ਜਾਨੀ 

‘ਹਮਦਰਦ' ਮਿਰਾ ਸਾਰਾ ਜ਼ਮਾਨਾ ਹੁੰਦਾ

ਕੁਝ ਵਿੱਗ ਲਗਾ ਕੇ ਹੈ ਬਨਾਵਟ ਕੀਤੀ। 

ਗਲ੍ਹਾਂ ਤੇ ਹੈ ਸੁਰਖ਼ੀ ਦੀ ਸਜਾਵਟ ਕੀਤੀ । 

‘ਹਮਦਰਦ' ਉਧਾ ਹੁਸਨ ਨਹੀਂ ਹੈ ਖ਼ਾਲਿਸ 

ਇਸ ਵਿਚ ਤੇ ਹੈ ਫੈਸ਼ਨ ਨੇ ਮਿਲਾਵਟ ਕੀਤੀ

ਉਸਨੂੰ ਤੇ ਮਿਰੀ ਛਾਂ ਤੋਂ ਵੀ ਡਰ ਲਗਦਾ ਹੈ । 

ਅਜ ਕਲ ਤੇ ਮਿਰੇ ਨਾਂ ਤੋਂ ਵੀ ਡਰ ਲਗਦਾ ਹੈ । 

ਕੀ ਅਰਜ਼ ਕਰਾਂ ਹਾਲ ਮੈਂ ਉਸਦੇ ਡਰ ਦਾ 

ਅਜ ਕਲ ਤੇ ਉਹਨੂੰ ਕਾਂ ਤੋਂ ਵੀ ਡਰ ਲਗਦਾ ਹੈ

ਉਜੜੀ ਹੈ ਜੋ ਥਾਂ ਓਸ ਦਾ ਨਾਂ ਬਸਤੀ ਹੈ। 

ਏਥੇ ਤੇ ਮਰੇ ਹੋਏ ਦੀ ਹੀ ਹਸਤੀ ਹੈ। 

ਮਹਿੰਗੀ ਹੈ ਹਰ ਇਕ ਚੀਜ਼ ਬੜੀ ‘ਹਮਦਰਦਾ' 

ਇਸ ਦੇਸ਼ 'ਚ ਪਰ ਮੌਤ ਬੜੀ ਸਸਤੀ ਹੈ।

📝 ਸੋਧ ਲਈ ਭੇਜੋ