ਰੁੱਖ ਇਕ ਦੋ ਹੀ ਪਾਲਣ ਜੋਗੇ ਰਹਿ ਗਏ ਨੇ ।
ਬਾਕੀ ਸਭ ਤੇ ਬਾਲਣ ਜੋਗੇ ਰਹਿ ਗਏ ਨੇ ।
ਹਾਸੇ ਜਿਹੜੇ ਵੰਡਦੇ ਹੈਸਨ ਲੋਕਾਂ ਨੂੰ,
ਆਪੋ ਦੁਖੜੇ ਜਾਲਣ ਜੋਗੇ ਰਹਿ ਗਏ ਨੇ ।
ਦੁਨੀਆ ਦੇ ਗ਼ਮ ਮੁੱਕ ਗਏ ਨੇ ਪਰ ਤੇਰੇ ਦੁੱਖ,
ਮੇਰੀਆਂ ਹੱਡੀਆਂ ਗਾਲਣ ਜੋਗੇ ਰਹਿ ਗਏ ਨੇ ।
ਰਾਤੀਂ ਠਰਦੇ ਪਿੰਡੇ ਕਿਸਰਾਂ ਸੇਕਾਂਗੇ,
ਇਕ ਦੋ ਤੀਲੇ ਬਾਲਣ ਜੋਗੇ ਰਹਿ ਗਏ ਨੇ ।
ਮੇਰੀਆਂ ਪਲਕਾਂ ਉੱਤੇ ਜਿੰਨੇ ਅੱਥਰੂ ਨੇ,
ਸਭ ਸ਼ਿਅਰਾਂ ਵਿਚ ਢਾਲਣ ਜੋਗੇ ਰਹਿ ਗਏ ਨੇ ।
ਹੁਣ ਖ਼ੁਸੀਆਂ ਨਹੀਂ ਸਾਡੇ ਸੀਨੇ ਠਾਰਦੀਆਂ,
ਸੀਨੇ ਸਿਰਫ਼ ਉਬਾਲਣ ਜੋਗੇ ਰਹਿ ਗਏ ਨੇ ।
ਕੌਣ ਸੁਣੇਂਗਾ ਗੱਲਾਂ 'ਆਸਿਫ਼ ਰਾਜ਼' ਦੀਆਂ,
ਲੋਕੀ ਹੁਣ ਤੇ ਟਾਲਣ ਜੋਗੇ ਰਹਿ ਗਏ ਨੇ ।