ਤਪਿਆ ਪਿਆ ਸੀ ਜੇਠ ਮਹੀਨਾ।
ਸਭ ਨੂੰ ਆ ਰਿਹਾ ਸੀ ਪਸੀਨਾ।
ਤਪਦੀਆਂ ਲੂੰਆਂ ਲੂਹਾ ਲਾਇਆ।
ਹਰ ਜੀਅ ਜੰਤ,ਸ਼ੈਅ ਨੂੰ ਤਪਾਇਆ।
ਹਰ ਕੋਈ ਭਾਲੇ ਬਸ ਠੰਢੀ ਛਾਂ।
ਰੁੱਖਾਂ ਬਾਝੋਂ ਦਿਸੇ ਖਾਲੀ ਥਾਂ।
ਕੰਕਰੀਟ ਦੇ ਜੰਗਲ ਉਸਾਰੇ।
ਰੁੱਖ ਤੁਸੀਂ ਕਿਉਂ ਹੈ ਵਿਸਾਰੇ?
ਲਾਲਚ ਨੇ ਸਾਰਾ ਜੰਗਲ ਖਾਇਆ।
ਕੋਈ ਰੁੱਖ ਮੁੜ ਕਦੀ ਨਾ ਲਾਇਆ।
ਮੈਨੂੰ ਵੱਢਣ ਲਈ ਆਏ ਮਨੁੱਖ।
ਕਦੋਂ ਮੁੱਕੇਗੀ ਇਹਨਾਂ ਦੀ ਭੁੱਖ?
ਸਿਖਰ ਦੁਪਹਿਰਾ ਜਦ ਚੜ੍ਹ ਆਇਆ।
ਗਰਮੀ ਨੇ ਸਭ ਨੂੰ ਬੜਾ ਤੜਫਾਇਆ।
ਜਦ ਨੇੜੇ ਨਾ ਦਿਸੀ ਕੋਈ ਠੰਢੀ ਥਾਂ।
ਫਿਰ ਬਹਿ ਕੇ ਲੱਗੇ ਮਾਣਨ ਮੇਰੀ ਛਾਂ।
ਤੱਕਣ ਲੱਗੇ ਮੈਨੂੰ ਲਾ ਕੇ ਰੀਝ।
ਗੌਹ ਨਾਲ ਵਾਚਣ ਹਰ ਇੱਕ ਚੀਜ਼।
ਮੇਰੇ 'ਤੇ ਬਣੇ ਨੇ ਅਨੇਕਾਂ ਆਲ੍ਹਣੇ।
ਬੱਚੇ ਪੰਛੀਆਂ ਇਹਨਾਂ 'ਚ ਪਾਲਣੇ।
ਜਦੋਂ ਪੰਛੀਆਂ ਨੇ ਬੋਲ ਸੁਣਾਏ।
ਬੋਲ ਮਿੱਠੜੇ ਨੇ ਮਨਾਂ ਨੂੰ ਭਾਏ।
ਬੈਠੇ ਮਨੁੱਖ ਕੁਝ ਬੁੜਬੁੜਾਏ।
ਆਪਣੇ ਆਪ 'ਤੇ ਸੀ ਪਛਤਾਏ।
ਜਦੋਂ ਠੰਢੀ ਠੰਢੀ ਹਵਾ ਸੀ ਵਗੀ।
ਅੱਖ ਉਹਨਾਂ ਦੀ ਪਲਾਂ 'ਚ ਲਗੀ।
ਭੁੱਖ ਨੇ ਫਿਰ ਉਹਨਾਂ ਨੂੰ ਜਗਾਇਆ।
ਇੱਕ ਜਣਾ ਮੇਰੇ ਫਲ ਤੋੜ ਲਿਆਇਆ।
ਇੱਕ ਨੂੰ ਕੁਝ ਫਿਰ ਯਾਦ ਹੈ ਆਇਆ।
ਮੈਂ ਤਾਂ ਰੁੱਖ ਏਥੇ ਵੱਢਣ ਆਇਆ!
ਫਿਰ ਆਪਣੇ ਆਪ 'ਤੇ ਪਛਤਾਇਆ।
ਉਹਨੇ ਸਾਥੀਆਂ ਨੂੰ ਸਮਝਾਇਆ।
ਮਿੱਤਰੋ! ਰੁੱਖ ਅਸੀਂ ਵੱਢਦੇ ਜਾਂਦੇ।
ਪਰ ਨਵਾਂ ਰੁੱਖ ਕੋਈ ਨਾ ਲਗਾਂਦੇ।
ਜੇ ਇਹਨਾਂ ਨੂੰ ਵੱਢਦੇ ਜਾਵਾਂਗੇ।
ਫਿਰ ਸਾਫ ਹਵਾ ਕਿਧਰੋਂ ਪਾਵਾਂਗੇ?
ਸਰੀਰ 'ਤੇ ਜਦ ਫੋੜਾ ਫਿੰਨਸੀ ਆਈ।
ਫਿਰ ਨਿੰਮ ਹੀ ਘੋਟ ਘੋਟ ਸੀ ਲਗਾਈ।
ਇਹ ਤਾਂ ਸਾਡੇ ਨੇ ਪਾਲਣਹਾਰੇ।
ਸਾਰੀ ਕੁਦਰਤ ਇਹਨਾਂ ਸਹਾਰੇ।
ਫਲ, ਫੁੱਲ, ਲੱਕੜ ਤੇ ਛਾਂ ਨੇ ਦਿੰਦੇ।
ਬੈਠਣ ਲਈ ਠੰਢੀ ਥਾਂ ਨੇ ਦਿੰਦੇ।
ਬਚਪਨ ਦੀ ਗੱਲ ਹੈ ਚੇਤੇ ਆਈ।
ਪੀਂਘ ਜਦੋਂ ਸੀ ਟਾਹਣੇ 'ਤੇ ਪਾਈ।
ਟਾਹਣੀਆਂ ਉੱਤੇ ਫਿਰ ਜਾ ਜਾ ਬਹਿਣਾ।
ਆਪਣੇ ਮਨਾਂ ਦੀ ਇਹਨਾਂ ਨੂੰ ਕਹਿਣਾ।
ਕਰਕੇ ਕੁਝ ਉਹ ਸੋਚ ਵਿਚਾਰ।
ਕੁਝ ਕਰਨ ਲਈ ਹੋਏ ਤਿਆਰ।
ਮੈਨੂੰ ਗਲ ਆਪਣੇ ਨਾਲ ਲਾਇਆ।
ਚੁੱਕ ਕੁਹਾੜਾ ਪਰਾਂ ਵਗਾਇਆ।
ਅਸੀਂ ਤਾਂ ਹਾਂ ਭੁੱਲਣਹਾਰੇ ਮਨੁੱਖ।
ਤੁਸੀਂ ਤਾਂ ਸਾਡੇ ਪਾਲਣਹਾਰੇ ਰੁੱਖ।
ਫਿਰ ਉਹਨਾਂ ਨੇ ਇਹ ਗੱਲ ਆਖੀ।
ਰਲ ਮਿਲ ਕਰਾਂਗੇ ਤੁਹਾਡੀ ਰਾਖੀ।
ਇਹ ਸੁਣ ਮੈਨੂੰ ਖੁਸ਼ੀ ਬੜੀ ਹੀ ਹੋਈ।
ਚੰਗੀ ਲੱਗੀ ਉਹਨਾਂ ਦੀ ਅਰਜੋਈ।
ਕੁਝ ਨੂੰ ਲੱਗੀਏ ਵਾਂਗ ਅਸੀਂ ਮਾਂਵਾਂ।
ਮਾਂ ਦੀ ਬੁੱਕਲ ਵਰਗੀ ਦਿੰਦੇ ਛਾਂਵਾਂ।
ਕੁਝ ਲਈ ਬਾਪੂ ਤੇ ਵਾਂਗ ਭਰਾਵਾਂ।
ਕਿੰਨੇ ਸਾਰੇ ਰਿਸ਼ਤੇ ਨਿਭਾਵਾਂ।
ਅਮਰਪ੍ਰੀਤ ਇੱਕ ਦੂਜੇ ਨਾਲ ਪਾਈਏ।
ਰੁੱਖ ਤੇ ਮਨੁੱਖ ਦੀ ਹੋਂਦ ਬਚਾਈਏ।