ਰੁੱਖੇ ਤੇ ਕਸਲਾਂਦੇ ਵਿਹੜੇ

ਰੁੱਖੇ ਤੇ ਕਸਲਾਂਦੇ ਵਿਹੜੇ 

ਰਲ਼ ਕੇ ਵੰਡੀ ਜਾਂਦੇ ਵਿਹੜੇ

ਖਾਂਦੀ ਪਈ ਕੰਧ ਸਦੀਆਂ ਤੋਂ

ਕੰਧ ਨੂੰ ਕਿਉਂ ਨਈਂ ਖਾਂਦੇ ਵਿਹੜੇ

ਅੱਜ ਸੱਜਣਾ ਨੇ ਫੇਰਾ ਪਾਇਆ

ਅੱਜ ਮੈਂ ਮੋੜ ਲਿਆਂਦੇ ਵਿਹੜੇ

ਵੱਡਿਆਂ ਹੋ ਕੇ ਪੁੱਤਰਾਂ ਕਿੰਨੇ 

ਵਿਹੜੇ ਵਿਚ ਲੈ ਆਂਦੇ ਵਿਹੜੇ

ਤੂੰ ਕਾਸਦ ਨੂੰ ਘੱਲ ਕੇ ਵੇਖੀਂ 

ਕਿੰਜ ਕਿੰਜ ਨੈਣ ਵਿਛਾਂਦੇ ਵਿਹੜੇ

ਕੱਲ ਵੀ ਵੰਡ ਦੇ ਹੱਕ ਵਿਚ ਨਈਂ ਸਨ

ਅੱਜ ਵੀ ਪਏ ਕੁਰਲਾਂਦੇ ਵਿਹੜੇ

ਹੱਥੀਂ ਬੋਹੜਾਂ ਪੱਟ ਕੇ ‘ਸੰਧੂਆ’

ਵੇਖੇ ਮੈ ਪਛਤਾਂਦੇ ਵਿਹੜੇ

📝 ਸੋਧ ਲਈ ਭੇਜੋ