ਰੁੱਖੀਂ ਆਲ੍ਹਣੇ ਸੜਦੇ

ਹਾਏ! ਮੈਂ ਰੁੱਖੀਂ ਆਲ੍ਹਣੇ

 ਸੜਦੇ ਵੇਖਣ ਤੋਂ ਪਹਿਲਾਂ

 ਲੋਕੋ ਮਰ ਕਿਉਂ ਨਾ ਗਈ।

 ਮੇਰੇ ਸਾਹਵੇਂ ਅੱਗ ਉੱਠੀ

 ਹਨੇਰੀ ਖੇਡ ਖੇਡੀ ਪੁੱਠੀ

 ਰੁੱਖ ਨੂੰ ਸਾੜ ਅੱਗੇ ਲੰਘ ਗਈ।

 ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ

 ਲੋਕੋ ਮਰ ਕਿਉਂ ਨਾ ਗਈ।

 ਉਸ ’ਤੇ ਚਿੜੀਆਂ ਦਾ ਆਲ੍ਹਣਾ ਸੀ,

 ਨਿੱਕੇ ਨਿੱਕੇ ਸੁੱਤੇ ਬੱਚੇ ਸੀ

 ਜਿੰਨਾਂ ਜੀਵਨ ਮਾਨਣਾ ਸੀ।

 ਅੱਗ ਉਹਨਾਂ ਤੱਕ ਕਿਵੇਂ ਪੁੱਜ ਗਈ।

 ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ,

 ਲੋਕੋ ਮਰ ਕਿਉਂ ਨਾ ਗਈ।

 ਲਾਈ ਮੇਰੇ ਆਪਣਿਆਂ ਨੇ ਅੱਗ,

 ਸਿੱਖ ਰਹੇ ਵੰਸ਼ ਮਾਰਨ ਦਾ ਚੱਜ,

 ਲੱਭਣਾ ਇਹਨਾਂ ਕੋਈ ਨਾ ਪੱਜ,

 ਕੁੱਲੀ ਜਦੋਂ ਆਪਣੀ ਸੜ ਗਈ।

 ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ

 ਲੋਕੋ ਮਰ ਕਿਉਂ ਨਾ ਗਈ।

ਪਹਿਲਾਂ ਕੁੱਖਾਂ ਦੀ ਵਾਰੀ ਸੀ,

 ਹੁਣ ਰੁੱਖਾਂ ਦੀ ਵਾਰੀ ਹੈ।

 ਜੈਸੀ ਕਰਨੀ ਵੈਸੀ ਭਰਨੀ।

 ਕੁਦਰਤ ਦੀ ਲੀਲ੍ਹਾ ਨਿਆਰੀ ਹੈ।

 ਜੇ ਨਾ ਸਮਝ ਦੀਦੇ ਤੇਰੇ ਪਈ।

 ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ

 ਲੋਕੋ ਮਰ ਕਿਉਂ ਨਾ ਗਈ।

 ਵੇਖ ਸਰਬ ਸਾਰੀ ਰਾਤ ਨਾ ਸੁੱਤੀ,

 ਉਹਦੇ ਦਰਦ ਸੀਨੇ ਵਿੱਚ ਉੱਠੀ,

 ਬਖ਼ਸ਼ਿਆ ਨਾ ਬੇਜੁਬਾਨਿਆਂ ਨੂੰ,

 ਤੇਰੀ ਕੀਤੀ ਪੈਣੀ ਪੁੱਠੀ,

 ਦਮ ਘੁੱਟ ਮੌਤ ਤੇਰੀ ਜਦ ਹੋਈ।

 ਹਾਏ! ਮੈਂ ਰੁੱਖ ਸੜਦੇ ਵੇਖਣ ਤੋਂ ਪਹਿਲਾਂ

 ਲੋਕੋ ਮਰ ਕਿਉਂ ਨਾ ਗਈ।

📝 ਸੋਧ ਲਈ ਭੇਜੋ