ਰੁਮਕਦੀ ਵਾ ਪੱਛੋਂ ਵਰਗੀ
ਕਿੱਥੋਂ ਮੈਂ ਲੱਭ ਲਿਆਵਾਂ
ਕਿਹੜੇ ਰੁੱਖ ਕਰਦੇ ਏਥੇ
ਅੰਮੀਂ ਵਰਗੀਆਂ ਦੱਸ ਛਾਵਾਂ
ਝਨਾਂ ਦੀਆਂ ਲਹਿਰਾਂ ਉੱਤੇ
ਪੜ੍ਹ ਸਾਡੀ ਕਹਾਣੀ ਵੇ
ਫ਼ੜ ਚਾਨਣੀ ਅੰਬਰ ਤੋਂ
ਤੇਰੇ ਤੇ ਤਾਣੀ ਵੇ
ਹੋਇਆ ਨਾ ਹਾਉਕਾ ਠੰਢਾ
ਛਾਤੀ ਦੇ ਸ੍ਹਾਵਾਂ ਦਾ
ਪੜ੍ਹਿਆ ਨਾ ਕਦੇ ਸੁਨੇਹਾ
ਧੁੱਪਾਂ ਤੇ ਰ੍ਹਾਵਾਂ ਦਾ
ਕਿਹੜਾ ਦੱਸ ਹੰਝੂ ਚੱਕ ਕੇ
ਸੱਜਰਾ ਪਲਕਾਂ ਤੇ ਧਰ ਲਏ
ਆਹਾਂ ਮੁੜ ਜਾਵਣ ਘਰ ਤੋਂ
ਹਾੜਾ ਦੱਸ ਕਿੱਦਾਂ ਫ਼ੜ ਲਏ
ਇਸ਼ਕ ਦਾ ਜ਼ੋਰ ਸੀ ਏਨਾ
ਬਾਹਾਂ ਕਿੱਥੋਂ ਪੀਣ ਵੇ
ਉੱਧੜੀ ਸੀ ਕਾਇਆ ਸੁੱਚੀ
ਥਾਂ 2 ਕਿੱਥੋਂ ਸੀਣ ਵੇ
ਉਮਰਾਂ ਸੱਭ ਰਾਹ ਇਹ ਪੀ ਗਏ
ਨਜ਼ਰਾਂ ਰਾਹ ਰੁੱਖਾਂ ਤੇ
ਆਉਂਦਾ ਨਾ ਦਿਸਦਾ ਕੋਈ
ਹਿਜ਼ਰਾਂ ਤੇ ਦੁੱਖਾਂ ਤੇ
ਬੜਾ ਇਤਬਾਰ ਸੀ ਸਾਨੂੰ
ਚੌਦਵੀਂ ਦੇ ਚੰਨੇ ਤੇ
ਤੇਰਾ ਨਾਂ ਲਿਖ ਕੇ ਰੱਖ ਬੈਠੇ
ਸੀਨੇ ਦੇ ਪੰਨੇ ਤੇ
ਬੰਸਰੀ ਦੇ ਛੇਕ ਡੁੱਸਕਦੇ
ਵਰਾਵਾਂ ਕਿੰਜ਼ ਰਾਤਾਂ ਨੂੰ
ਚੇਤੇ ਕਰ ਤਾਰਾ 2
ਮਰਦਾ ਪਰਭਾਤਾਂ ਨੂੰ
ਰੋਂਦੀ ਨੂੰ ਯਾਦ ਚੰਦਰਿਆ
ਆ ਗਈ ਕੱਲ ਸ਼ਾਮ ਵੇ
ਹੱਥਾਂ ਤੋਂ ਮਹਿੰਦੀ ਖੁਰ ਗਈ
ਲੈ ਤੇਰਾ ਨਾਮ ਵੇ
ਫੁੱਲਕਾਰੀ ਦੇ ਫੁੱਲਾਂ ਉੱਤੇ
ਪੱਤੇ ਮੁਲਾਕਾਤਾਂ ਦੇ
ਡੁੱਲ੍ਹੇ ਸੱਭ ਅੱਥਰੂ ਝੱਲੇ
ਤੇਰੇ ਜ਼ਜਬਾਤਾਂ ਤੇ
ਸਾਥੋਂ ਨਾ ਰੈਣ ਸੋਹਣਿਆਂ
ਵਿਯੋਗਾਂ ਚ ਗਾ ਹੋਵੇ
ਕੱਚੀ ਜੇਹੀ ਰੋਟੀ ਚੰਦ ਦੀ
ਸੱਧਰੀਂ ਨਾ ਲਾਹ ਹੋਵੇ
ਪਰੀਤਾਂ ਦੇ ਵਹਿਣ ਨਿਮਾਣੇ
ਲੈ ਗਏ ਚਾਅ ਰੋੜ੍ਹ ਕੇ
ਇੱਕ ਵੀ ਨਾ ਤਾਰਾ ਸੁਪਨਾ
ਤੱਕਿਆ ਅਸੀਂ ਤੋੜ ਕੇ
ਕਿਹੜਾ ਦੱਸ ਦਿਨ ਚੰਦਰਿਆ
ਚੂਰੀਆਂ ਮੰਗੇ ਨਾ
ਬੂਹੇ ਦੇ ਓਹਲੇ ਖੜ੍ਹ ਕੇ
ਰਾਹਾਂ ਨੂੰ ਡੰਗੇ ਨਾ
ਸਾਡੇ ਤੇ ਕਹਿਰ ਇਸ਼ਕ ਦਾ
ਸਦੀਆਂ ਨੇ ਢਾਹ ਦਿਤਾ
ਚਾਨਣ ਦਾ ਨਵਾਂ ਸਵੇਰਾ
ਢਾਕਾਂ ਤੇ ਚਾਹ ਦਿਤਾ