ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ

ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ।

ਸੂਰਜ ਨੂੰ ਵੀ ਮੈਂ ਹਥ ਮਲਦਾ ਵੇਖ ਰਿਹਾਂ।

ਸੂਰਜ ਵਰਗੀ ਚੜ੍ਹਤਲ ਜਿਸਦਾ ਜੋਬਨ ਸੀ,

ਉਹਨੂੰ ਗ਼ਜ਼ਲਾਂ ਅੰਦਰ ਢਲਦਾ ਵੇਖ ਰਿਹਾਂ।

ਸ਼ਹਿਰ 'ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,

ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।

ਖ਼ੋਰੇ ਕਿੰਨ੍ਹੇ ਮੌਸਮ ਨੂੰ ਅੱਗ ਲਾਈ ਏ,

ਚਾਰ ਚੁਫੇਰੇ ਮਚਦਾ ਬਲਦਾ ਵੇਖ ਰਿਹਾਂ।

ਤੱਤੇ ਲੇਖੀਂ, ਠੰਢੇ ਹੌਕੀਂ, ਸੰਗ 'ਉਦਾਸ'

ਜਲ ਅੰਦਰ ਇਕ ਭਾਂਬੜ ਬਲਦਾ ਵੇਖ ਰਿਹਾਂ।

📝 ਸੋਧ ਲਈ ਭੇਜੋ