ਰੁੱਤ ਬਦਲੀ ਤੇ 'ਵਾ ਦੀ ਕੁੱਛੜ

ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ

ਨਵੇਂ ਸਫ਼ਰ ਦੇ ਸੁਪਨੇ ਦੇਖਣ, ਲੱਗ ਪਈਆਂ ਖ਼ੁਸ਼ਬੂਆਂ

ਏਸ ਤਰ੍ਹਾਂ ਦਾ ਸੂਰਜ ਚੜ੍ਹਿਆ, ਹਰੇ ਭਰੇ ਰੁੱਖ ਸੁੱਕੇ,

ਗਏ ਮੌਸਮ ਤੱਤ-ਭੜੱਤੇ, ਹੁਣ ਗਈਆਂ ਖ਼ੁਸ਼ਬੂਆਂ

ਓੜਕ ਘਰ ਨੂੰ ਮੁੜਨਾਂ ਪੈਣਾਂ, ਘਰ ਵਰਗਾ ਸੁੱਖ ਕਿੱਥੇ,

ਸਫ਼ਰਾਂ ਦੇ ਵਿੱਚ ਕਦੇ ਨਾ ਲੱਭਣ, ਘਰ ਜਿਹੀਆਂ ਖ਼ੁਸ਼ਬੂਆਂ

ਯਾਦਾਂ ਡੇਰੇ ਲਾਈ ਰੱਖੇ, ਦਿਲ ਦੇ ਆਲ ਦੁਆਲੇ,

ਰਾਤੀਂ ਸਾਡੇ ਨੇੜੇ ਤੇੜੇ, ਰਹੀਆਂ ਖ਼ੁਸ਼ਬੂਆਂ

ਬਾਗ਼ ਦਿਲਾਂ ਦੇ ਏਦਾਂ ਉੱਜੜੇ, ਦਰਦ ਵਿਛੋੜੇ ਹੱਥੋਂ,

ਜਿਸਮਾਂ ਦੇ ਰੰਗ ਫਿੱਕੇ ਪੈ ਗਏ, ਉੱਡ ਗਈਆਂ ਖ਼ੁਸ਼ਬੂਆਂ

📝 ਸੋਧ ਲਈ ਭੇਜੋ