ਰੁੱਤੋਂ ਰੁੱਤੀਂ ਵੰਡੀਂਦੀਆਂ ਸਾਂਵਲਾਂ, ਪੀਲਕਾਂ, ਲਾਲੀਆਂ,
ਮੁਖੜਿਓ ਮੁਖੜੇ ਸਜਦੀਆਂ ! ਝੁਮਕੀਆਂ, ਨੱਥਣੀਆਂ, ਵਾਲੀਆਂ
ਹਿਕਣ ਨਿਕਰਤਾਂ ਡੋਬੀਆਂ, ਸੋਹਣੀਆਂ ਨਖ਼ਰਿਆਂ ਸਾੜੀਆਂ
ਹਿਕਣੇ ਕਰਤਾਂ ਤਾਰੀਆਂ ! ਕੋਹਝੀਆਂ, ਕਮਲੀਆਂ, ਕਾਲੀਆਂ
ਔਕਣਾਂ ਸੌਕਣਾਂ ਜਰਦਿਆਂ, ਜਾ ਬਨੇਰੇ ਅਪੜੀਆਂ
ਭਲੀਏ ਜਿਨ੍ਹਾਂ ਅੰਗੂਰੀਆਂ, ਧੁੱਪਾਂ ਧੂੜਾਂ ਜਾਲੀਆਂ
ਲਗਦਿਆਂ ਦੀ ਲੱਜ ਪਾਲਣਾਂ, ਕੋਈ ਬਾਲਾਂ ਦੀ ਖੇਡ ਨਈਂ
ਯਾਰੀਆਂ ਤੋੜ ਨਿਭਾਣੀਆਂ, ਕਿੱਥੇ ਐਡ ਸੁਖਾਲੀਆਂ
ਚੇਤਰ ਚਾਹ ਚੜ੍ਹਾਉਂਦਿਓਂ, ਕਿੱਸੇ ਕਹਾਣੀਆਂ ਪਾਉਂਦਿਓਂ
ਦਿਲ ਨਗਰੀ ਵਿਚ ਆਉਂਦੀਆਂ, ਯਾਦਾਂ ਬਣ ਬਣ ਪਾਲੀਆਂ
ਮਿੰਨਤਾਂ ਜ਼ਾਰੀਆਂ ਸਾਜ੍ਹ ਕੇ ਉਹਨੂੰ ਕਦੇ ਮਨਾਉਣ ਦਾ
ਅਸਾਂ ਚੱਜ ਨਾ ਸਿੱਖਿਆ, ਉਂਜ ਪਈਆਂ ਉਮਰਾਂ ਗਾਲੀਆਂ
ਭਾਂਡਾ ਕੋਈ ਲੈ ਆਉਂਦਿਓਂ, ਪੋਰ ਕੇ ਸਭ ਲੈ ਜਾਉਂਦਿਓਂ
ਇਹ ਕੇ ਚਾ ਲਿਆਂਉਂਦੈਂ, ਠੂਠੇ, ਥਾਲ, ਪਿਆਲੀਆਂ
ਪੱਕਣ ਦੀ ਰੁੱਤ ਆਈ ਤੇ ਜਿਨ੍ਹਾਂ ਵਾਹੀਆਂ ਬੀਜੀਆਂ
ਮੁੜ ਤਿਆਰੀਆਂ ਸਾਹਜੀਆਂ, ਫ਼ਸਲਾਂ ਆਣ ਸਮ੍ਹਾਲੀਆਂ
ਹਿੱਕ ਪੱਖਣੂੰ ਸੀ ਰਾਖਵਾਂ, ਅਸਾਂ ਸੀ ਪਾਲ਼ ਕੇ ਰੱਖਿਆ
ਬੁਣ ਲਏ ਜਾਲ਼ ਸ਼ਿਕਾਰੀਆਂ, ਸੌ ਸੌ ਚਾਲਾਂ ਚਾਲੀਆਂ
ਆਬਿਦ ਮਿਲਣ ਫ਼ਕੀਰੀਆਂ, ਲੋੜਨੇ ਸੁਖ ਸਵਾਦ ਵੀ
ਰਹਿਣਾਂ ਵੀ ਮੰਗਵਾਲ ਤੇ ਬਹਿਣਾਂ ਵੀ ਕੁਠਿਆਲੀਆਂ