ਸਾਡੇ ਜਿਹੇ ਮਰੀਜ਼ ਦਾ ਕਿੱਥੇ ਇਲਾਜ ਹੈ।
ਮਿਲਿਆ ਮਸੀਹਾ ਉਹ ਕਿ ਜੋ ਖ਼ੁਦ ਹੀ ਬੀਮਾਰ ਹੈ।
ਸਤਿਕਾਰ ਫੁੱਲਾਂ ਦਾ ਨਹੀਂ, ਕਲੀਆਂ ਬੇ-ਆਬਰੂ ,
ਬਾਜ਼ਾਰ ਦੇ ਪੈਰਾਂ 'ਚ ਪਈ ਰੁਲਦੀ ਬਹਾਰ ਹੈ।
ਸੀਨੇ 'ਚ ਇਕ ਮੋਹ ਸੀ, ਜੋ ਦਰਦ ਬਣ ਗਿਆ,
ਜੋ ਦਰਦ ਜਾਨ ਬਣ ਗਿਆ ਸੀ, ਹੁਣ ਕਟਾਰ ਹੈ।
ਬੇਗਾਨੇ ਖ਼ਵਾਬ ਆਪਣੇ ਬਣਦੇ ਨਹੀਂ ਕਦੇ,
ਫਿਰ ਕਿਸ ਲਈ ਹੈ ਮੁੰਤਜ਼ਿਰ, ਦਿਲ ਬੇ-ਕਰਾਰ ਹੈ।
ਕੀਤਾ ਕੀ ਅਣਦੇਖਿਆ, ਮਹਿਫ਼ਲ 'ਚ ਤੂੰ ਇਉਂ,
ਪਰ ਫਿਰ ਵੀ ਮੇਰਾ ਦਿਲ ਹੈ ਕਿ ਇਹ ਸ਼ਰਮਸਾਰ ਹੈ।
ਪਛਤਾ ਰਹੇ ਨੇ ਰੋ ਰਹੇ ਨੇ ਅਪਣੇ ਕਰਮ ’ਤੇ,
ਸਾਮਾਨ ਮੇਰੀ ਮੌਤ ਦਾ ਹੋਇਆ ਤਿਆਰ ਹੈ।
ਲਉ ਫੇਰ ਸ਼ਾਮਾਂ ਪੈ ਗਈਆਂ ਤੇ ਬਲ ਪਏ ਨੇ ਦੀਪ,
ਫਿਰ ਦਿਲ ਮਿਰੇ 'ਚ ਸਹਿਕਦਾ ਇਕ ਇੰਤਜ਼ਾਰ ਹੈ।