ਦਿਨ ਢਲਿਆ, ਤਰਕਾਲਾਂ ਪਈਆਂ,

ਫੜ ਕੇ ਡਾਂਗ, ਡੰਗੋਰੀ, ਸੋਟਾ,

ਚੌਂਕ 'ਚ ਡੱਠੇ ਤਖਤ-ਪੋਸ਼ ਤੇ,

ਬੈਠੇ ਨੇ ਬਿਰਧ ਪੁਰਾਣੇ

ਗੱਲਾਂ ਵਿਚੋਂ ਗੱਲ ਤੁਰਦੀ ਹੈ,

ਹਰ ਗੱਲ ਪਿਛੇ ਨੂੰ ਮੁੜਦੀ ਹੈ

"ਕੱਤੇਂ ਸਾਰਾ ਲੰਘ ਗਿਆ ਹੈ

ਹਾਲੀ ਵੀ ਭੋਂ ਵੱਤ ਨਹੀਂ ਆਈ ।"

"ਪਹਿਲੋਂ ਔੜਾਂ ਮਾਰਦੀਆਂ ਨੇ

ਜੇ ਮੀਂਹ ਪੈਂਦਾ,

ਫਿਰ ਥੰਮਣ ਦਾ ਨਾਂ ਨਹੀਂ ਲੈਂਦਾ ।"

"ਲਾਭ ਸਿਆਂ, ਭਈ ਮੈਨੂੰ ਜਾਪੇ

ਸਾਡੇ ਨਾਲ ਵਾਹਿਗੁਰੂ ਜੀਕਣ

ਗੁੱਸੇ ਹੋਇਆ

ਸਾਡੇ ਵੇਲੇ ਇੰਜ ਕਦੇ ਨਾ ਮੀਂਹ ਪੈਂਦੇ ਸੀ ।"

ਮੈਂ ਤੇ ਕਹਿਨਾਂ,

"ਕਲਜੁਗ ਆਇਆ

ਹਰ ਗੱਲ ਪੁੱਠੀ ਹੀ ਸੁਣਦੇ ਹਾਂ

ਉਲਟੀ ਪੌਣ ਸਮੇਂ ਦੀ ਵਗਦੀ ।"

"ਹੋਰ ਸੁਣੀ ਊਂ ਗੱਲ ਅਨੋਖੀ

ਨੰਬਰਦਾਰਾਂ ਦੀ ਨੂੰਹ ਨਿੱਕੀ,

ਘਰ ਦਾ ਸੀਣਾਂ ਪੀਹਣਾਂ ਛੱਡ ਕੇ,

ਦਫਤਰ ਵਿਚ ਨੌਕਰੀ ਕਰਦੀ ।"

"ਸਾਡੇ ਵੇਲੇ ਕਦੇ ਭਰਾਵਾ

ਭਾਵੇਂ ਪਾਣੀ ਸਿਰ ਤੋਂ ਲੰਘੇ

ਭਾਵੇਂ ਕਿਵੇਂ ਗੁਜ਼ਾਰਾ ਕਰਦੀ

ਪਰ ਤ੍ਰੀਮਤ ਪੈਰ ਆਪਣੇ

ਘਰੋਂ ਬਾਹਰ ਨਹੀਂ ਸੀ ਧਰਦੀ ।"

"ਮੈਂ ਤੇ ਲੱਖਾਂ ਦੀ ਇੱਕ ਆਖਾਂ

ਬੰਦੇ ਦੇ ਹੀ ਕੰਮ ਕੀਤਿਆਂ

ਬਰਕਤ ਪੈਂਦੀ

ਤੀਵੀਂ ਤੇ ਘਰ ਦਾ ਗਹਿਣਾ

ਚਾਰਦੀਵਾਰੀ ਦੇ ਹੀ ਅੰਦਰ

ਸੁਹਣੀ ਲੱਗਦੀ ।"

"ਕੱਲ੍ਹ ਅਸਾਡਾ ਨਿੱਕਾ ਜੀਤਾ

ਆਖਣ ਲੱਗਾ,

'ਹੁਣ ਬੰਦੇ ਨੇ ਚਹੁੰ ਸਾਲਾਂ ਨੂੰ

ਚੰਨ ਦੇ ਉਤੇ ਚੜ੍ਹ ਕੇ ਬਾਬਾ,

ਆਪਣਾ ਝੰਡਾ ਗੱਡ ਦੇਣਾ ਹੈ'

"ਇੰਜ ਕਦੇ ਪਰ ਹੋ ਸਕਦਾ ਹੈ !

ਮੈਂ ਤੇ ਕਹਿਨਾ,

ਵਿਚ ਦਫਤਰਾਂ,

ਵਿਹਲੇ ਬਹਿ ਅਖਬਾਰਾਂ ਵਾਲੇ

ਰਹਿਣ ਛੱਡਦੇ ਨਿਤ ਹਵਾਈਆਂ ।"

"ਕੀ ਕੀ ਕਹੀਏ ਤੇ ਕੀ ਸੁਣੀਏ

ਕੱਲ੍ਹ ਦੇ ਜੰਮਿਆਂ ਨੂੰ ਹੁਣ ਭਾਈ,

ਜੇ ਕੁਝ ਕਹੀਏ,

ਗਿੱਠ ਗਿੱਠ ਲੰਮੀਆਂ ਜੀਭਾਂ ਕੱਢ ਕੇ,

ਅੱਗੋਂ ਵੱਢਣ ਨੂੰ ਨੇ ਪੈਂਦੇ,

ਗੱਲ ਅਸਾਡੀ ਨੂੰ ਨਹੀਂ ਸਹਿੰਦੇ ।"

"ਹੁਣ ਤੇ ਚੁਪ ਰਹਿਣਾ ਹੀ ਚੰਗਾ,

ਇਕ ਚੁਪ ਤੇ ਸੌ ਸੁੱਖਾਂ ਨੇ

ਸਭ ਲੁਟਾ ਕੇ ਛੱਡ ਛਡਾ ਕੇ,

ਇਕ ਪਾਸੇ ਹੋ ਬੈਠ ਗਏ ਹਾਂ

"ਸਾਡੇ ਵੱਲੋਂ ਛੋਕਰ ਵਾਧਾ

ਖੇਹ ਉਡਾਵੇ, ਸਿਰ ਵਿਚ ਪਾਵੇ,

ਢਠੇ ਖੂਹ ਵਿਚ ਛਾਲਾਂ ਮਾਰੇ ।"

📝 ਸੋਧ ਲਈ ਭੇਜੋ