ਸਾਲ ਬੀਤੇ, ਹੰਝੂਆਂ ਨੂੰ ਪੀਂਦਿਆਂ,
ਫ਼ਿਰ ਵੀ ਤਿਰਹਾਇਆ ਹਾਂ, ਔੜਾਂ ਵਾਂਗਰਾਂ ।
ਰਖਦੀਆਂ ਦਿਲ ਨਾਲ, ਰਿਸ਼ਤੇ-ਦਾਰੀਆਂ,
ਮੇਰੀਆਂ ਅੱਖਾਂ 'ਚ ਬੂੰਦਾਂ ਤਰਦੀਆਂ ।
ਆਸ ਬੂਟੇ ਲਾਏ, ਨਿੱਕੇ ਹੁੰਦਿਆਂ,
ਬਣ ਗਏ ਹੁਣ ਰੁੱਖ, ਪਰਛਾਵੇਂ ਬਿਨਾਂ ।
ਹਟ ਗਿਆ ਏ ਓਹ, ਸਜ਼ਾਵਾਂ ਦੇਣ ਤੋਂ,
ਹੁਣ ਕਰਾਂ ਮੈਂ ਕਿਸ ਲਈ, ਗੁਸਤਾਖ਼ੀਆਂ?
ਬੇਲੀਆਂ ਨਾਲ, ਬੇਲਿਆਂ ਵਿਚ ਰੌਣਕਾਂ,
ਬਾਝ ਯਾਰਾਂ, ਸ਼ਹਿਰ ਵੀ ਸੁੰਜੇ ਗਰਾਂ ।
ਕੀਹ ਬਣੇ ਏਹ ਜ਼ਹਿਰ ਮ੍ਹੌਰਾ, ਜਾਂ ਕਿ ਜ਼ਹਿਰ,
ਘੋਟ ਕੇ ਸੱਚ, ਝੂਠ ਵਿਚ ਜੇ ਪੀ ਲਵਾਂ?
ਮੋਹਰ ਲੱਗੀ ਰਾਂਝਣੇ ਤੇ, ਇਸ਼ਕ ਦੀ,
ਖਾਣ ਵਾਲੇ ਸਨ ਬਥੇਰੇ, ਚੂਰੀਆਂ ।
ਬੇਰੁਖ਼ੀ ਤੇਰੀ ਨੇਂ, ਦਿੱਤਾ ਹੌਸਲਾ,
ਮਾਰਿਆ ਬਸ ਲਾਰਿਆਂ, ਭਰਵਾਸਿਆਂ ।
ਬੁਲਬੁਲਾਂ ਦੀ ਚਹਿਕ, ਫੁੱਲਾਂ ਖਿੜਨ ਤੀਕ,
ਮਗਰੋਂ ਰਹਿ ਜਾਂਦੇ ਨੇਂ, ਕਾਂ ਤੇ ਲਾਲੀਆਂ ।
ਹੜ੍ਹ ਕਈ ਅੱਖਾਂ ਚੋਂ 'ਅਸ਼ਰਫ਼', ਲੰਘ ਗਏ,
ਬਚ ਗਈਆਂ ਰੁੜ੍ਹਨੋਂ, ਉਮੰਗਾਂ, ਹਸਰਤਾਂ ।