ਸਾਂਭ ਕਲਮ ਦਵਾਤ

ਸਾਂਭ ਕਲਮ ਦਵਾਤ ਸ਼ਾਹੂਕਾਰਾ 

ਚੁੱਕ ਵਹੀ ਖਾਤਾ ਆਪਣਾ।

ਸਾਡਾ ਹੋ ਗਿਆ ਤੈਥੋਂ ਛੁਟਕਾਰਾ 

ਚੁੱਕ ਵਹੀ ਖਾਤਾ ਆਪਣਾ।

ਖ਼ੌਫ ਰਤੀ ਰੱਬ ਦਾ ਨਾ ਕਿਸੇ ਦਾ ਲਿਹਾਜ ਸੀ 

ਸਦਾ ਤੈਨੂੰ ਸੁੱਝਦਾ ਬਿਆਜ ਤੇ ਬਿਆਜ ਸੀ। 

ਕਦੋਂ ਤੱਕ ਰਹਿਣਾ ਤੇਰਾ ਬਣਿਆ ਇਹ ਪਾਜ ਸੀ 

ਅੰਤ ਇਕ ਦਿਨ ਹੋਣਾ ਸੀ ਨਿਤਾਰਾ

ਚੁੱਕ ਵਹੀ ਖਾਤਾ ਆਪਣਾ।

ਮੁੜ੍ਹਕੇ ਦੇ ਨਾਲ ਅਸੀਂ ਸਿੰਜਦੇ ਸੀ ਪੈਲੀਆਂ 

ਫਸਲਾਂ ਦੇ ਉੱਤੇ ਅੱਖਾਂ ਤੇਰੀਆਂ ਸੀ ਮੈਲੀਆਂ 

ਰਹਿਣੀਆਂ ਨਾ ਗੱਲਾਂ ਹੁਣ ਕੌੜੀਆਂ ਕੁਸੈਲੀਆਂ 

ਨਵੇਂ ਯੁੱਗ ਦਾ ਇਹ ਬੁਝ ਲੈ ਇਸ਼ਾਰਾ 

ਚੁੱਕ ਵਹੀ ਖਾਤਾ ਆਪਣਾ।

ਪੀ ਪੀ ਸਾਡੀ ਰੱਤ ਬੜਾ ਢਿੱਡ ਤੂੰ ਵਧਾ ਲਿਆ 

ਗਹਿਣਾ ਗੱਟਾ ਪੈਲੀ ਘਰ ਮਾਲ ਗਹਿਣੇ ਪਾ ਲਿਆ 

ਸ਼ਾਹ ਬਿਨਾਂ ਪੱਤ ਨਹੀਂ ਕਹਿ ਕਹਿ ਭੁਚਲਾ ਲਿਆ। 

ਹੋਰ ਪੁਗਣਾ ਨਹੀਂ ਇਹ ਹੁਣ ਕਾਰਾ

ਚੁੱਕ ਵਹੀ ਖਾਤਾ ਆਪਣਾ।

ਕੀਤੀ ਕੁਪੱਤ ਬੜੀ ਤੇਰੇ ਜਹੇ ਸ਼ਾਹਵਾਂ ਨੇ 

ਹੁਣ ਦੁੱਖ ਵੰਡਣੇ ਭਰਾਵਾਂ ਦੇ ਭਰਾਵਾਂ ਨੇ

ਆਪੋ ਵਿਚ ਸਿਰ ਜੋੜੇ ਫੜ ਲਈਆਂ ਬਾਹਵਾਂ ਨੇ 

ਹੋਇਆ ਤਗੜਾ ਸਹਿਕਾਰੀ ਭਾਈਚਾਰਾ

ਚੁੱਕ ਵਹੀ ਖਾਤਾ ਆਪਣਾ

ਸਾਂਭ ਕਲਮ ਦਵਾਤ ਸ਼ਾਹੂਕਾਰਾ।

📝 ਸੋਧ ਲਈ ਭੇਜੋ