ਸਾਂਝ ਪਰੀਤਾਂ ਵਾਲੇ ਜਿਹੜੇ

ਸਾਂਝ ਪਰੀਤਾਂ ਵਾਲੇ ਜਿਹੜੇ ਆਨ ਖ਼ਿਆਲ ਦਵੋਚ ।

ਮੈਂ ਵੀ ਤੈਨੂੰ ਸੋਚ ਰਿਹਾ ਵਾਂ ਤੂੰ ਵੀ ਮੈਨੂੰ ਸੋਚ ।

ਬੇਸ਼ੱਕ ਸਾਡੇ ਜੁੱਸੇ ਚੰਨਾਂ ਮਿੱਟੀ ਵਿੱਚ ਮਧੋਲ,

ਵੇਖੀਂ ਨਾਜ਼ੁਕ ਪੈਰੀਂ ਕਿਧਰੇ ਆ ਨਾ ਜਾਵੇ ਮੋਚ ।

ਦਿਲ ਦੀ ਅਸ਼ਗ਼ਲ ਤੇ ਦਿਲ ਜਾਨੀ ਖ਼ਵਰੇ ਫੇਰਾ ਪਾਣ,

ਸੱਚੇ ਪਿਆਰ ਦੇ ਪੋਚੇ ਨਾਲ ਤੂੰ ਦਿਲ ਦਾ ਵਿਹੜਾ ਪੋਚ ।

ਚੂਸ ਲਿਆ ਏ ਗ਼ਮ ਦੀਆਂ ਕੂਕਾਂ ਜੁੱਸ਼ਿਆਂ ਵਿੱਚੋਂ ਖ਼ੂਨ,

ਇਕਲਾਪੇ ਦੇ ਗਿੱਧ ਰਹੇ ਨੇ ਕਲਬੂਤਾਂ ਨੂੰ ਨੋਚ ।

ਅਜ਼ਲਾਂ ਤੋਂ ਹੈ ਬਣਿਆ ਹੋਇਆ ਕੁਦਰਤ ਦਾ ਕਾਨੂੰਨ,

ਟੁੱਟ ਜਾਂਦੀ ਹੈ ਟਹਿਣੀ ਉਹ ਨਹੀਂ ਹੁੰਦੀ ਜਿਸ ਵਿੱਚ ਲੋਚ ।

ਸਾਹਵਾਂ ਦੀ ਕੁਰਬਾਨੀ ਦੇ ਕੇ ਪਿਆਰ ਦੀ ਰੱਖ ਗਏ ਲਾਜ,

ਮਜਨੂੰ, ਰਾਂਝਾ, ਪੁੰਨੂੰ, ਤੇ ਮਹੀਵਾਲ, ਮੁਰਾਦ ਬਲੋਚ ।

📝 ਸੋਧ ਲਈ ਭੇਜੋ