ਇਹ ਵਾਹਗਾ ਜੇ ਆਪਾਂ ਬਣਾ ਹੀ ਲਿਆ ਹੈ
ਤੇ ਵੰਡਾਂ ਦਾ ਨਾਟਕ ਰਚਾ ਹੀ ਲਿਆ ਹੈ
ਤੇ ਜੰਗਾਂ ਦਾ ਤਾਂਡਵ ਵੀ ਕਰਵਾ ਲਿਆ ਹੈ
ਇਹ ਹੁਣ ਤੇ ਨਾ ਨਾਟਕ ਰੋਜ਼ ਰਚਾਈਏ
ਇਹ ਜੰਗਾਂ ਦਾ ਤਾਂਡਵ ਨਾ ਰੋਜ਼ ਨਚਾਈਏ
ਨਾ ਵਾਹਗੇ ਤੇ ਰੋਜ਼ ਹੀ ਨਫ਼ਰਤ ਵਿਖਾਈਏ
ਦਿੱਲੀ ਲਾਹੌਰ ਫ਼ਿਲੌਰ ਪਿਸ਼ੌਰ ਨੂੰ
ਰੋਜ਼ ਨਾ ਸ਼ਾਮੀਂ ਸੰਤਾਲ਼ੀ ਪੁਚਾਈਏ
ਵੱਡਿਆਂ ਕਦੇ ਛੋਟੀ ਗੱਲ ਜੋ ਕੀਤੀ
ਬੱਚਿਆਂ ਨੂੰ ਰੋਜ਼ ਨਾ ਯਾਦ ਕਰਾਈਏ
ਆਪਣੇ ਹੀ ਉਜੜੇ ਹੋਏ ਘਰ ਦੇ ਥੇਹ ਦੀ
ਨਾ ਆਪਣੇ ਹੀ ਸਿਰ ਕੁੱਕੜ-ਖੇਹ ਪਾਈਏ
ਇਹ ਕਰਤੂਤ ਕਾਲ਼ੀ ਤਵਾਰੀਖ਼ ਵਾਲ਼ੀਂ
ਛੁਪਾਈਏ ਤੇ ਨਾ ਕਿ ਵਿਖਾਲ਼ੇ ਇਹ ਪਾਈਏ
ਤੂੰ ਆ ਖਾਂ ਤੇ ਆਪਾਂ ਫਿਰ ਇੱਕ ਹੋ ਜਾਈਏ
ਵਾਹਗੇ ਮੁਹੱਬਤ ਦੇ ਬੂਟੇ ਉਗਾਈਏ
ਇਹ ਆਤਿਸ਼ ਦੀ ਬਾਜ਼ੀ ਨੂੰ ਤਜ ਕੇ ਤੇ ਮਿਲ਼ ਕੇ
ਬੱਚਿਆਂ ਦੇ ਨਾਲ਼ ਪਤੰਗਾਂ ਉਡਾਈਏ
ਉਡਦੇ ਕਬੂਤਰ ਜੋ ਹੱਦਾਂ ਨੂੰ ਟੱਪ ਕੇ
ਉਹ ਬਾਲਾਂ ਨੂੰ ਆਪਣੇ ਲਿਜਾ ਕੇ ਵਿਖਾਈਏ
ਲੜਦੇ ਜੋ ਕੁੱਕੜ ਨੇ ਕਲਗ਼ੀਆਂ ਵਾਲੇ
ਉੱਥੇ ਜੋ ਰੋਜ਼ ਹੀ ਬੰਦ ਕਰਾਈਏ
ਵਤਨ ਪਿਆਰੇ ਹੁੰਦੇ ਨੇ ਸਭ ਨੂੰ ਹੀ
ਕੌਮੀ ਤਰਾਨੇ ਵੀ ਹੁੱਬ ਹੁੱਬ ਗਾਈਏ
ਚੰਦਾ ਤੇ ਤਾਰਾ ਤਿਰੰਗਾ ਪਿਆਰਾ
ਇਹ ਦੋਵੇਂ ਹੀ ਪਿਆਰਾਂ ਦੇ ਨਾਲ਼ ਚੜ੍ਹਾਈਏ
ਬਾਰੂਦਾਂ ਖਰੂਦਾਂ ਦੀ ਥਾਂ ਪਰ ਇਸ ਥਾਂ
ਬੁੱਲ੍ਹੇ ਤੇ ਦੁੱਲੇ ਦੇ ਮੇਲੇ ਲਗਾਈਏ
ਇਹ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ
ਇਹ ਵੀਰਾਂ ਦੀ ਧਰਤੀ ਨਾ ਮੈਲ਼ੀ ਕਰਾਈਏ
ਲਿਆਓ ਚਮੇਲੀ ਤੇ ਮਰੂਆ ਮੋਤੀਆ
ਕੰਡਿਆਂ ਨੂੰ ਵੱਢ ਇਹ ਫੁੱਲ ਉਗਾਈਏ
ਨਵੀਂ ਨਸਲ ਨੂੰ ਨਵੀਂ ਫ਼ਸਲ ਇਹ
ਖ਼ੁਸ਼ਬੋਈਆਂ ਵਾਲ਼ੀਂ ਭੇਟਾ ਕਰਾਈਏ
ਵੰਡਾਂ ਦੀ ਥਾਂ ਹੁਣ ਵਾਹਗੇ ਦੇ ਉੱਤੇ
ਸਾਂਝਾਂ ਦੇ ਸਾਂਝੇ ਤਰਾਨੇ ਹੀ ਗਾਈਏ