ਸਾਰਾ ਆਲਮ ਪਰਾਇਆ ਲਗਦਾ ਹੈ

ਸਾਰਾ ਆਲਮ ਪਰਾਇਆ ਲਗਦਾ ਹੈ

ਜਾਣ ਦਾ ਵਕਤ ਆਇਆ ਲਗਦਾ ਹੈ

ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,

ਤੂੰ ਕਿਤੇ ਦਿਲ ਲਗਾਇਆ ਲਗਦਾ ਹੈ

ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,

ਦਿਲ ਯੁਗਾਂ ਦਾ ਤਿਆਇਆ ਲਗਦਾ ਹੈ

ਖ਼ਾਬ ਲਗਦਾ ਹੁਣ ਵਜੂਦ ਆਪਣਾ,

ਉਡਦੇ ਪੰਛੀ ਦਾ ਸਾਇਆ ਲਗਦਾ ਹੈ

ਆਣ ਬੈਠਾਂ ਏਂ ਜੀਂਦੇ ਜੀ ਕਬਰੀਂ

ਤੈਨੂੰ ਜਗ ਨੇ ਸਤਾਇਆ ਲਗਦਾ ਹੈ

ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ

ਤੂੰ ਕਿਤੇ ਦਿਲ ਗੁਆਇਆ ਲਗਦਾ ਹੈ

ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ

ਉਸ ਨੇ ਤੈਨੂੰ ਭੁਲਾਇਆ ਲਗਦਾ ਹੈ

📝 ਸੋਧ ਲਈ ਭੇਜੋ