ਸਾਰੇ ਜੱਗ ਨਾਲ ਆਢਾ ਲੈ ਕੇ
ਦੁੱਖੜੇ ਦੇ ਕੇ ਦੁੱਖੜੇ ਸਹਿ ਕੇ
ਪਾਈ ਸੁਨੀਤਾ !
ਹੈ ਮੇਰੇ ਜੀਵਨ ਦੀ ਸਾਥਣ
ਕਿਥੋਂ ਤਾਈ ਤੂੰ ਮੇਰੇ ਸੰਗ ਜਾ ਸਕਦੀ ਏਂ?
ਸੜਕ ਦੀ ਗਹਿਮਾ ਗਹਿਮੀ
ਘਰ ਦੇ ਝੰਜਟ ਵਿਚ ਇਕੱਠੇ ਆਪਾਂ,
ਰਾਤ ਦੀ ਨਿੱਘੀ ਗਲਵੱਕੜੀ ਵਿਚ
ਕੋਲ ਕੋਲ ਹਾਂ,
ਨਾਲ ਨਾਲ ਹਾਂ
ਭੀੜ ਭੜਕੇ ਕਾਵਾਂ ਰੌਲੀ ਵਿਚ ਵੀ।
ਅਪਣੇ ਸਾਥ ਦੀ ਇਕ ਸੀਮਾ ਹੈ,
ਜਿਸ ਤੋਂ ਅੱਗੇ
ਨ੍ਹੇਰੀ ਚੁੱਪ ਦਾ ਜੰਗਲ ਵਿਛਿਆ।
ਉਸ ਜੰਗਲ ਵਿਚ ਕਦੀ ਕਦਾਈਂ
ਸੂਖ਼ਮ ਰੂਹਾਂ ਭਟਕ ਜਾਂਦੀਆਂ।
ਕਦੀ ਕਦਾਈਂ
ਜੇ ਤੂੰ ਮੇਰਾ ਭੇਦ ਨਾ ਪਾਂ,
ਜਾਂ ਮੈਂ ਦਿਲ ਦੀ ਗੱਲ ਨਾ ਦੱਸਾਂ,
ਸ਼ੱਕੀ ਹੋ ਕੇ
ਐਵੇਂ ਤਾਅਨੇ ਨਾ ਕੱਸਿਆ ਕਰ
ਅਤੇ ਉਦਾਸ ਨਾ ਹੋ ਜਾਇਆ ਕਰ।
ਤੂੰ ਏਂ ਓਟ ਮੇਰੇ ਜੀਵਨ ਦੀ
ਤੈਥੋਂ ਵਧ ਨਾ ਕਦਰ ਕਿਸੇ ਦੀ,
ਤੂੰ ਏਂ ਸਾਰੇ ਜੱਗ ਤੋਂ ਪਿਆਰੀ।